Monday, May 12, 2025

ਕੇਂਦਰ ਨੂੰ ਧਰਮ ‘ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ – ਧਾਲੀਵਾਲ

ਅਜਨਾਲਾ ਹਲਕੇ ਵਿੱਚ ਚਾਰ ਮੰਡੀਆਂ ਦੇ ਸਟੀਲ ਕਵਰ ਸ਼ੈਡਾਂ ਦੇ ਰੱਖੇ ਨੀਂਹ ਪੱਥਰ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਜਨਾਲਾ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਨਵੀਨੀਕਰਨ ਕੀਤਾ ਜਾਵੇਗਾ ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਸੁਧਾਰ, ਆਵਾਣ, ਗੱਗੋਮਾਹਲ ਅਤੇ ਪਿੰਡ ਚਮਿਆਰੀ ਵਿਖੇ ਦਾਣਾ ਮੰਡੀਆਂ ਵਿੱਚ ਬਣਨ ਵਾਲੇ ਸਟੀਲ ਕਵਰ ਸ਼ੈਡਾਂ ਦਾ ਉਦਘਾਟਨ ਕਰਨ ਪਿਛੋਂ ਕੀਤਾ।ਉਨਾਂ ਦੱਸਿਆ ਕਿ ਇਨਾਂ ਮੰਡੀਆਂ ਵਿੱਚ ਬਣਨ ਵਾਲੇ ਹਰੇਕ ਸ਼ੈਡ ਤੇ 84 ਲੱਖ ਰੁਪਏ ਖਰਚ ਆਏਗੀ।ਮੰਡੀਆਂ ਵਿੱਚ ਯਾਰਡ ਵੀ ਬਣਾਏ ਜਾਣਗੇ।ਉਨਾਂ ਦੱਸਿਆ ਕਿ ਮੌਸਮ ਖਰਾਬ ਹੋਣ ‘ਤੇ ਕਿਸਾਨਾਂ ਨੂੰ ਇਨਾਂ ਸ਼ੈਡਾਂ ਦੇ ਬਣਨ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੇਗੀ।ਉਨਾਂ ਕਿਹਾ ਕਿ ਅਜਨਾਲਾ ਹਲਕੇ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ ਅਤੇ ਹਰੇਕ ਪਿੰਡ ਵਿੱਚ ਮਾਡਰਨ ਸੱਥਾਂ, ਪੰਚਾਇਤ ਘਰ ਅਤੇ ਪਸ਼ੂ ਹਸਪਤਾਲ ਵੀ ਬਣਾਏ ਜਾ ਰਹੇ ਹਨ।ਆਉਣ ਵਾਲੇ ਕਣਕ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਜਿਸ ਤਰ੍ਹਾਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ, ਉਸੇ ਤਰ੍ਹਾਂ ਕਣਕ ਸੀਜ਼ਨ ਦੌਰਾਨ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਧਰਮ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਕੇਂਦਰ ਸਰਕਾਰ ਨੂੰ ਆਪਣਾ ਹੈਲਮੈਟ ਵਾਲਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।ਹਰੇਕ ਸਿੱਖ ਲਈ ਦਸਤਾਰ ਸਭ ਤੋਂ ਉਚੀ ਹੈ ਅਤੇ ਇਸ ਨੂੰ ਉਤਾਰ ਕੇ ਹੈਲਮੈਟ ਨਹੀਂ ਪਾਇਆ ਜਾ ਸਕਦਾ।ਧਾਲੀਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ‘ਤੇ ਕਿਹਾ ਕਿ ਵਿਅਕਤੀ ਚਾਹੇ ਕਿਸੇ ਵੀ ਜਾਤ-ਧਰਮ ਦਾ ਕਿਉਂ ਨਾ ਹੋਵੇ, ਜੇਕਰ ਉਸ ਦੀ ਸਜ੍ਹਾ ਪੂਰੀ ਹੋ ਚੁੱਕੀ ਹੋਵੇ ਤਾਂ ਉਸ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਅਤੇ ਸਾਡੀ ਸਰਕਾਰ ਨੇ ਵੀ ਕੇਂਦਰ ਨੂੰ ਸਜ੍ਹਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਛੱਡਣ ਲਈ ਕਿਹਾ ਹੈ।
ਇਸ ਮੌਕੇ ਮੁੱਖ ਇੰਜੀਨੀਅਰ ਪੰਜਾਬ ਮੰਡੀ ਬੋਰਡ ਜੇ.ਐਸ ਕੰਗ, ਐਸ.ਡੀ.ਓ ਰਮਨ ਕੁਮਾਰ, ਬੀ.ਡੀ.ਪੀ.ਓ ਸੁਰਜੀਤ ਸਿੰਘ ਬਾਜਵਾ, ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਰਾਜੀਵ ਮਦਾਨ, ਗੁਰਜੰਟ ਸਿੰਘ ਸੋਹੀ, ਸੁਖਰਾਜ ਸਿੰਘ ਛੀਨਾ, ਰਾਜਇੰਦਰ ਸਿੰਘ ਰਮਦਾਸ, ਬਲਦੇਵ ਸਿੰਘ, ਕਾਬਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

 

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …