Tuesday, June 17, 2025
Breaking News

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਡੇਅਰੀ ਫਾਰਮਿੰਗ’ ’ਤੇ ਵਰਕਸ਼ਾਪ

ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਅੱਜ ‘ਡੇਅਰੀ ਅਤੇ ਬੱਕਰੀ ਪਾਲਣ ’ਚ ਬੇਹਤਰ ਉਤਪਾਦਕਤਾ ਲਈ ਰਣਨੀਤੀਆਂ’ ਵਿਸ਼ੇ ’ਤੇ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ’ਚ ਵਰਕਸ਼ਾਪ ਦਾ ਆਯੋਜਨ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਪੀ.ਯੂ.ਐਮ ਨੀਦਰਲੈਂਡ ਦੇ ਸੀਨੀਅਰ ਮਾਹਿਰਾਂ ਦੇ ਸਹਿਯੋਗ ਨਾਲ ਕੀਤਾ ਗਿਆ।
ਪ੍ਰਿੰਸੀਪਲ ਡਾ. ਵਰਮਾ ਨੇ ਕਿਹਾ ਕਿ ਨੀਦਰਲੈਂਡ ਅਧਾਰਿਤ ਪੀ.ਯੂ.ਐਮ ਇਕ ਸਵੈ-ਸੇਵੀ ਸੰਸਥਾ ਹੈ, ਜਿਸ ਦਾ ਮੰਤਵ ਵਿਸ਼ਵ ਪੱਧਰ ’ਤੇ ਉੱਭਰ ਰਹੇ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕਤਾ, ਵਾਤਾਵਰਣ ਅਤੇ ਸਮਾਜ ’ਚ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਸਵੈ ਇੱਛੁਕ ਮਾਹਿਰਾਂ ਦੇ ਵਿਆਪਕ ਨੈਟਵਰਕ ਉੱਦਮੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਗਿਆਨ ਪ੍ਰਦਾਨ ਕਰਦਾ ਹੈ ਅਤੇ ਦੁਨੀਆ ਭਰ ਦੇ 35 ਦੇਸ਼ਾਂ ’ਚ ਛੋਟੇ ਅਤੇ ਮੱਧਮ ਆਕਾਰ ਦੀ ਕਿਰਸਾਨੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।
ਪੀ.ਯੂ.ਐਮ ਦੇ ਮਾਹਿਰ ਡੈਲੀਗੇਟਾਂ ’ਚ ਡੇਅਰੀ ਅਤੇ ਬੱਕਰੀ ਦੇ ਸੀਨੀਅਰ ਮਾਹਿਰ ਐਡਰੀਅਨਸ ਮਰਕਸ, ਸੈਕਟਰ ਕੋਆਰਡੀਨੇਟਰ ਗੇਰਿਟ ਬਰੂਮੇਲਮੈਨ ਅਤੇ ਪੀ.ਯ.ਐਮ ਭਾਰਤ ਦੇ ਪ੍ਰਤੀਨਿਧ ਕੇਆਰ ਜੈਨ ਨੇ ਸਾਂਝੇ ਤੌਰ ’ਤੇ ਨੀਦਰਲੈਂਡ ਦੇ ਕਿਸਾਨਾਂ ਵੱਲੋਂ ਡੇਅਰੀ ਜਾਨਵਰਾਂ ਦੇ ਪਾਲਣ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਕ ਪ੍ਰਣਾਲੀਗਤ ਅਤੇ ਆਰਥਿਕ ਤਰੀਕੇ ਨਾਲ ਛੋਟੇ ਅਤੇ ਦਰਮਿਆਨੇ ਆਕਾਰ ਦੀ ਟਿਕਾਊ ਖੇਤੀ ਦੇ ਨਵੇਂ ਉੱਦਮਾਂ ਦੀਆਂ ਸੰਭਾਵਨਾਵਾਂ ਪੇਸ਼ ਕੀਤੀਆਂ, ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।ਮਾਹਿਰਾਂ ਨੇ ਕਿਸਾਨਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਤੋਂ ਪਹਿਲਾਂ ਡਾ. ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ’ਚ ਛੋਟੇ ਅਤੇ ਹਾਸ਼ੀਏ ’ਤੇ ਡੇਅਰੀ ਅਤੇ ਬੱਕਰੀ ਪਾਲਕਾਂ ਨੂੰ ਦਰਪੇਸ਼ ਮੌਜ਼ੂਦਾ ਮੁੱਦਿਆਂ ਪ੍ਰਤੀ ਜਾਣੂ ਕਰਵਾਇਆ।ਵਰਕਸ਼ਾਪ ਮੌਕੇ ਐਮ.ਡੀ ਡਾ. ਐਸ.ਕੇ ਨਾਗਪਾਲ, ਡਾ. ਪੀ.ਕੇ ਸਿੰਘ, ਡਾ. ਪੀ.ਐਨ ਦਿਵੇਦੀ, ਡਾ. ਵੀ.ਕੇ ਗੰਡੋਤਰਾ, ਡਾ. ਐਸ.ਬੀ ਬਖਸ਼ੀ ਸਮੇਤ ਪੀ.ਯੂ.ਐਮ ਦੇ ਨੁਮਾਇੰਦਿਆਂ ਦੇ ਨਾਲ ਵੇਰਕਾ ਮਿਲਕ ਪਲਾਂਟ, ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਬੰਧਕੀ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਵਿਚਾਰਾਂ ਅਤੇ ਸੁਝਾਵਾਂ ਦਾ ਆਦਾਨ-ਪ੍ਰਦਾਨ ਕੀਤਾ।

 

 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …