Tuesday, September 8, 2026

ਜਿਲ੍ਹਾ ਪ੍ਰਸ਼ਾਸ਼ਨ ਵਲੋਂ ‘ਵਾਲ ਪੇਂਟਿੰਗ’ ਮੁਕਾਬਲੇ ਕਰਵਾਉਣ ਦਾ ਐਲਾਨ

ਜੇਤੂਆਂ ਨੂੰ ਮਿਲਣਗੇ ਲੱਖਾਂ ਰੁਪਏ ਦੇ ਨਗਦ ਇਨਾਮ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਨੇ ਆ ਰਹੇ ਜੀ-20 ਸੰਮੇਲਨ ਨੂੰ ਧਿਆਨ ‘ਚ ਰੱਖਦੇ ਹੋਏ ਵਾਲ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਇਕ ਤਾਂ ਆਪਣੇ ਕਲਾਕਾਰਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲੇਗਾ, ਦੂਸਰਾ ਸ਼ਹਿਰ ਵਿੱਚ ਪੈਂਦੇ ਚੌਕ ਅਤੇ ਕੰਧਾਂ ਇੰਨਾ ਕਲਾਕਿ੍ਰਤਾਂ ਨਾਲ ਸੱਜ ਜਾਣਗੀਆਂ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਪ੍ਰੋਫੈਸ਼ਨਲ ਕਲਾਕਾਰ ਨੂੰ ਇਕ ਲੱਖ ਰੁਪਏ, ਦੂਸਰੇ ਸਥਾਨ ‘ਤੇ ਆਉਣ ਵਾਲੇ ਨੂੰ 50 ਹਜ਼ਾਰ ਰੁਪਏ (ਤਿੰਨ ਇਨਾਮ) ਅਤੇ ਤੀਸਰੇ ਸਥਾਨ ਉਤੇ ਆਉਣ ਵਾਲੇ 5 ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ।ਇਸੇ ਤਰਾਂ ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਜੇਤੂ ਵਿਦਿਆਰਥੀ ਨੂੰ 10 ਹਜ਼ਾਰ ਰੁਪਏ, ਦੂਸਰੇ ਸਥਾਨ ਵਾਲੇ ਤਿੰਨ ਜੇਤੂ ਵਿਦਿਆਰਥੀਆਂ ਨੂੰ 7 ਹਜ਼ਾਰ ਰੁਪਏ ਹਰੇਕ ਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਤਿੰਨ ਜੇਤੂਆਂ ਨੂੰ 5-5 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ।ਉਨਾਂ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ 15 ਫਰਵਰੀ ਤੱਕ ਗੂਗਲ ਫਾਰਮ ‘ਤੇ ਆਪਣੇ ਨਾਮ ਦਰਜ਼ ਕਰਵਾ ਸਕਦੇ ਹਨ।ਕੋਈ ਵਿਦਿਆਰਥੀ ਜਾਂ ਸੰਸਥਾ ਟੀਮ ਵਜੋਂ ਜਾਂ ਨਿੱਜੀ ਤੌਰ ‘ਤੇ ਇਸ ਮੁਕਾਬਲੇ ਵਿਚ ਭਾਗ ਲੈ ਸਕਦੇ ਹਨ।ਹਰੇਕ ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਬੁੱਧਵਾਰ ਤੱਕ ਸਵੇਰੇ 9.00 ਤੋਂ 5.00 ਵਜੇ ਤੱਕ ਫੋਨ ਨੰਬਰ 0183-2560398, 2560498 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡੀ.ਸੀ ਸੂਦਨ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਨੂੰ 50 ਤੋਂ 150 ਵਰਗ ਫੁੱਟ ਖੇਤਰ ਪੇਂਟ ਕਰਨ ਲਈ ਦਿੱਤਾ ਜਾਵੇਗਾ ਅਤੇ ਪੇਂਟਿੰਗ ਲਈ ਵਰਤਿਆ ਜਾਣ ਵਾਲਾ ਸਾਰਾ ਸਮਾਨ ਜਿਲ੍ਹਾ ਪ੍ਰਸ਼ਾਸਨ ਮੁਹੱਈਆ ਕਰਵਾਏਗਾ।ਮੁਕਾਬਲੇ ਲਈ ਪੇਂਟ ਕਰਨ ਵਾਸਤੇ 20 ਤੋਂ 27 ਫਰਵਰੀ ਤੱਕ ਦਾ ਸਮਾਂ ਦਿੱਤਾ ਜਾਵੇਗਾ।ਦਿੱਤੇ ਗਏ ਖੇਤਰ ਵਿੱਚ ਐਬਸਟਰਕ ਆਰਟ, ਪੰਜਾਬ ਦੀ ਵਿਰਾਸਤ ਤੇ ਸਭਿਆਚਾਰ, ਬੇਟੀ ਬਚਾਓ-ਬੇਟੀ ਪੜਾਓ, ਸ਼ਹੀਦ ਜਾਂ ਸ਼ਹਿਰ ਦੀਆਂ ਨਾਮੀ ਹਸਤੀਆਂ, ਸਿੱਖਿਆ, ਕਿਰਤ, ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ, ਸਮਾਜਿਕ ਮੁੱਦਿਆਂ, ਵੋਟਰਾਂ ਨੂੰ ਵੋਟ ਪਾਉਣ ਲਈ ਸੱਦਾ ਦੇਣ, ਟਿਕਾਊ ਵਿਕਾਸ ਵਰਗੇ ਵਿਸ਼ਿਆਂ ‘ਤੇ ਭਾਗ ਲੈਣ ਵਾਲੇ ਕੰਧ ਨੂੰ ਪੇਂਟ ਕਰਨਗੇ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …