ਸਹਿਕਾਰੀ ਸਭਾ ਮੁਸ਼ਕਾਬਾਦ ਵਿਖੇ ਚੱਲ ਰਹੀ ਘਪਲੇਬਾਜ਼ੀ ਖਿਲਾਫ ਪ੍ਰਬੰਧਕ ਕਮੇਟੀ ਤੇ ਸਕੱਤਰ ਵਿਰੁੱਧ ਕਾਰਵਾਈ ਦੀ ਮੰਗ
ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦਾ ਇੱਕ ਵਫਦ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ
ਦੀ ਅਗਵਾਈ ਹੇਠ ਐਸ.ਡੀ.ਐਮ ਸਮਰਾਲਾ ਨੂੰ ਮਿਲਿਆ।ਵਫਦ ਵਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਂ ਐਸ.ਡੀ.ਐਮ ਸਮਰਾਲਾ ਰਾਹੀਂ ਇੱਕ ਮੰਗ ਪੱਤਰ ਭੇਜਿਆ ਗਿਆ।ਜਿਸ ਵਿੱਚ ਮੰਗ ਕੀਤੀ ਗਈ ਕਿ ਇੱਥੋਂ ਨਜਦੀਕੀ ਪਿੰਡ ਮੁਸ਼ਕਾਬਾਦ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ (ਲਿਮ:) ਜਿਥੇ ਇੱਕ ਸਕੱਤਰ ਕੰਮ ਕਰਦਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਆਪਣੇ ਘਰ ਬੈਠਾ ਹੈ। ਸਭਾ ਦੀ ਪ੍ਰਬੰਧਕ ਕਮੇਟੀ ਨੇ ਕੋਈ ਵੀ ਫੈਸਲਾ ਨਹੀਂ ਲਿਆ ਹੈ, ਖੁਦ ਪ੍ਰਬੰਧਕ ਕਮੇਟੀ ਸਭਾ ਦਾ ਕੰਮਕਾਰ ਦੇਖ ਰਹੀ ਹੈ।ਜਿਸ ਵਿੱਚ ਪ੍ਰਬੰਧਕ ਕਮੇਟੀ ਆਪਣੇ ਚਹੇਤੇ ਕਿਸਾਨਾਂ ਨੂੰ ਹੀ ਖਾਦ ਚੁੱਕਾਉਂਦੀ ਹੈ।ਜੇਕਰ ਕੋਈ ਹੋਰ ਲੋੜਵੰਦ ਕਿਸਾਨ ਇਸ ਸਬੰਧੀ ਪੁੱਛਦਾ ਹੈ ਤਾਂ ਉਲਟਾ ਉਸ ਨੂੰ ਧਮਕਾਇਆ ਜਾਂਦਾ ਹੈ।ਇਸ ਤੋਂ ਇਲਾਵਾ ਇਥੇ ਕਿਸੇ ਵੀ ਕਿਸਾਨ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ।ਵਫਦ ਨੇ ਮੰਗ ਕੀਤੀ ਉਕਤ ਸਭਾ ਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਸਭ ਨੂੰ ਇੱਕਸਾਰ ਬਰਾਬਰ ਸਹੂਲਤ ਦਿੱਤੀ ਜਾਵੇ।ਉਨ੍ਹਾਂ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਜੇਕਰ ਇੱਕ ਮਹੀਨੇ ਅੰਦਰ ਅੰਦਰ ਪੰਜਾਬ ਸਰਕਾਰ ਜਾਂ ਸਮਰਾਲਾ ਪ੍ਰਸਾਸ਼ਨ ਨੇ ਕੋਈ ਉਚਿੱਤ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਬੀ.ਕੇ.ਯੂ (ਦੋਆਬਾ) ਇਸ ਸਬੰਧੀ ਤਿੱਖਾ ਸੰਘਰਸ਼ ਛੇੜੇਗੀ, ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ।ਮੰਗ ਪੱਤਰ ਲੈਣ ਉਪਰੰਤ ਐਸ.ਡੀ.ਐਮ ਸਮਰਾਲਾ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਸਬੰਧੀ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਿੱਕਰ ਸਿੰਘ ਮਾਨ ਬਲਾਕ ਪ੍ਰਧਾਨ ਮਾਛੀਵਾੜਾ, ਰਣਜੀਤ ਸਿੰਘ, ਜਸਵੀਰ ਸਿੰਘ ਮੱਕੜ, ਚਰਨ ਸਿੰਘ ਸਮਰਾਲਾ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media