ਪੰਜਾਬੀ ਮਾਂ-ਬੋਲੀ ਦੀ ਮਹਾਨਤਾ ਨੂੰ ਸਮਝਣਾ ਸਾਰਿਆਂ ਦਾ ਨੈਤਿਕ ਫ਼ਰਜ਼ – ਬੁਲਾਰੇ
ਅੰਮ੍ਰਿਤਸਰ, 20 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਕਰਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਅਧੀਨ ਭਾਸ਼ਾ ਵਿਭਾਗ ਦੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਦੇ ਪਹਿਲੇ ਪੜਾਅ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨ ਮੁਖੀ ਡਾ. ਮਨਜਿੰਦਰ ਸਿੰਘ ਵਲੋਂ ਪੰਜਾਬੀ ਮਾਂ-ਬੋਲੀ ਦੀ ਮਹਾਨਤਾ ‘ਤੇ ਕੁੰਜੀਵਤ ਭਾਸ਼ਣ ਦਿੱਤਾ ਗਿਆ ਅਤੇ ਵੱਖ-ਵੱਖ ਵਿਦਵਾਨਾਂ ਤੇ ਕਵੀਆਂ ਵੱਲੋਂ ਮਾਂ-ਬੋਲੀ ਦੀ ਸਾਰਥਿਕਤਾ ‘ਤੇ ਆਪਣੀ ਅਹਿਮ ਰਚਨਾਵਾਂ ਪੇਸ਼ ਕੀਤੀਆਂ।
ਦੂਜੇ ਪੜਾਅ ਵਿੱਚ ਪੰਜਾਬੀ ਦੇ ਨਾਮੀ ਲੋਕ-ਗਾਇਕ ਹਰਿੰਦਰ ਸੋਹਲ (ਸੰਗੀਤਕਾਰ ਤੇ ਗਾਇਕ) ਵਲੋਂ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰਾਂ ਦੀਆਂ ਕਾਵਿਕ ਰਚਨਾਵਾਂ ਦਾ ਗਾਇਨ ਕਰਕੇ ਹਾਜ਼ਰ ਇਕੱਠ ਨੂੰ ਕੀਲੀ ਰੱਖਿਆ।ਸਮਾਗਮ ਵਿੱਚ ਅਸ਼ੋਕ ਤਲਵਾਰ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸ੍ਰਪਰਸਤੀ ਹੇਠ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਦੋਂ ਕਿ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸਮਾਜ ਸੇਵੀ ਸਤਵੰਤ ਸਿੰਘ ਸੋਹਲ, ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਾਗੇਸ਼ਵਰ ਤੇ ਜਸਵਿੰਦਰ ਸਿੰਘ ਬਾਵਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਸਾਰੇ ਸਮਾਗਮ ਦੀ ਪ੍ਰਧਾਨਗੀ ਡਾ. ਧਰਮ ਸਿੰਘ ਸਾਬਕਾ ਮੁਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ।ਮੁੱਖ ਮਹਿਮਾਨ ਚੇਅਰਮੈਨ ਅਸ਼ੋਕ ਤਲਵਾਰ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ, ਡਾ. ਮਨਜਿੰਦਰ ਸਿੰਘ, ਡਾ. ਧਰਮ ਸਿੰਘ, ਕੇਵਲ ਧਾਲੀਵਾਲ ਸ਼੍ਰੋਮਣੀ ਨਾਟਕਕਾਰ, ਪ੍ਰਿੰ. ਸੁਰਿੰਦਰ ਕੌਰ, ਸਤਵਿੰਦਰ ਸਿੰਘ ਜੌਹਲ, ਡਾ. ਬਲਜੀਤ ਕੌਰ ਰਿਆੜ ਸਮਾਰੋਹ ਕਨਵੀਨਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਤੇ ਸਮਾਜ ਦੀ ਤਰੱਕੀ ਲਈ ਪੰਜਾਬੀ ਮਾਂ-ਬੋਲੀ ਦੀ ਮਹਾਨਤਾ ਨੂੰ ਸਮਝਣਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ, ਕਿਉਂਕਿ ਮਾਂ-ਬੋਲੀ ਨਾਲ ਹੀ ਵਿਅਕਤੀ ਦੀ ਆਪਣੀ ਸ਼ਖ਼ਸੀਅਤ ਦੇ ਨਾਲ-ਨਾਲ ਉਸ ਦੇ ਚੌਗਿਰਦੇ ਅਤੇ ਸਮਾਜ ਦਾ ਵਿਕਾਸ ਸੰਭਵ ਹੁੰਦਾ ਹੈ।ਸਟੇਟ ਐਵਾਰਡੀ ਅਧਿਆਪਕ ਕਸ਼ਮੀਰ ਸਿੰਘ ਦੀ ‘ਇੱਕੀ ਰਚਨਾਵਾਂ ਇੱਕੀ ਗੀਤ’ ਦੀ ਸੰਗੀਤਕ ਐਲਬਮ ਵੀ ਲੋਕ-ਅਰਪਣ ਕੀਤੀ ਗਈ।
ਭਾਸ਼ਾ ਵਿਭਾਗ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਵਲੋਂ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ‘ਚ ਸੇਵਾਵਾਂ ਨਿਭਾਉਣ ਵਾਲੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਸਾਹਿਤਕਾਰਾਂ, ਪੱਤਰਕਾਰਾਂ, ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਪ੍ਰਸੰਸਾ-ਪੱਤਰ, ਸਨਮਾਨ-ਚਿੰਨ੍ਹ/ਲੋਈਆਂ ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅੰਤ ‘ਚ ਕਾਲਜ ਪਿ੍ੰਸੀਪਲ ਡਾ. ਸੁਰਿੰਦਰ ਕੌਰ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਪ੍ਰੋਗਰਾਮ ਕਨਵੀਨਰ ਡਾ. ਬਲਜੀਤ ਕੌਰ ਰਿਆੜ ਵਲੋਂ ਕੀਤਾ ਗਿਆ। ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਜੌਹਲ, ਇੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਬਾਵਾ, ਰਾਜਬੀਰ ਕੌਰ ਗਰੇਵਾਲ (ਮਾਣ ਪੰਜਾਬੀਆਂ ਦੇ ਅੰਤਰਰਾਸ਼ਟਰੀ ਯੂ.ਕੇ ਦੀ ਅੰਮ੍ਰਿਤਸਰ ਇਕਾਈ ਦੀ ਪ੍ਰਧਾਨ), ਗਿਆਨੀ ਸੰਤੋਖ ਸਿੰਘ ਆਸਟਰੇਲੀਆ, ਹਰਮੀਤ ਆਰਟਿਸਟ, ਕੁਲਵਿੰਦਰ ਕੌਰ, ਧਰਵਿੰਦਰ ਸਿੰਘ ਔਲਖ, ਰਜਵੰਤ ਸੈਣੀ, ਕਸ਼ਮੀਰ ਗਿੱਲ, ਵਿਜੇ ਅਗਨੀਹੋਤਰੀ, ਸੀਨੀਅਰ ਸਹਾਇਕ ਹਰਜੀਤ ਸਿੰਘ, ਸੇਲ ਇੰਚਾਰਜ ਜਸਵੀਰ ਸਿੰਘ, ਕੰਨਵਲਪ੍ਰੀਤ ਕੌਰ, ਮਨਮੋਹਨ ਸਿੰਘ ਬਾਸਰਕੇ, ਕੁਲਦੀਪ ਦਰਾਜਕੇ, ਸਟੇਟ ਐਵਾਰਡੀ ਕਸ਼ਮੀਰ ਸਿੰਘ, ਜਸਬੀਰ ਸਿੰਘ ਵਿਰਕ, ਰਾਜਬੀਰ ਸਿੰਘ ਹੁੰਦਲ, ਡਾ. ਜਤਿੰਦਰ ਕੌਰ ਤੇ ਵੱਡੀ ਗਿਣਤੀ ‘ਚ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।