Saturday, December 21, 2024

ਪਿੰਡ ਖੇੜੀ ਦੇ ਸਰਕਾਰੀ ਸਕੂਲ ਵਿਖੇ ਤਰਕਸ਼ੀਲ ਸਮਾਗਮ ਦਾ ਆਯੋਜਨ

ਸੰਗਰੂਰ, 21 ਫਰਵਰੀ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਚੇਤਨਾ ਪਰਖ ਪ੍ਰੀਖਿਆ ‘ਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅੱਜ ਸਰਕਾਰੀ ਹਾਈ ਸਕੂਲ ਖੇੜੀ ਵਿਖੇ ਮਾਸਟਰ ਪਰਮਵੇਦ, ਚਰਨ ਕਮਲ ਸਿੰਘ, ਪ੍ਰਹਿਲਾਦ ਸਿੰਘ ਤੇ ਜਗਦੇਵ ਸਿੰਘ ਕੰਮੋਮਾਜਰਾ ਆਧਾਰਿਤ ਤਰਕਸ਼ੀਲ ਟੀਮ ਵਲੋਂ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਹੈਡਮਾਸਟਰ ਸੰਪੂਰਨ ਕੁਮਾਰ ਸਿੰਗਲਾ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਵਿਗਿਆਨਕ ਸੋਚ ਅਤੇ ਕਰਵਾਈ ਚੇਤਨਾ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ, ਚਰਨ ਕਮਲ ਸਿੰਘ ਤੇ ਪ੍ਰਹਿਲਾਦ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ-ਭਰਮਾਂ, ਲਾਈਲਗਤਾ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲਣ ਕੇ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਤੌਰ ਤੇ ਜਾਗਰੂਕ ਹੋ ਕੇ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹਿੰਮਤ, ਲਗਨ ਤੇ ਵਿਗਿਆਨਕ ਗੁਣ ਅਪਣਾ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਮਾਸਟਰ ਪਰਮਵੇਦ ਨੇ ਕਿਸੇ ਗਲ ਨੂੰ ਮੰਨਣ ਤੋਂ ਪਹਿਲਾਂ ਉਸ ਨੂੰ ਤਰਕ ਦੀ ਕਸੌਟੀ ਤੇ ਪਰਖਣ ਦਾ ਸੁਨੇਹਾ ਦਿੱਤਾ।ਜਾਦੂ ਕਲਾ ਦੇ ਮਸ਼ਹੂਰ ਜਗਦੇਵ ਸਿੰਘ ਕੰਮੋਮਾਜਰਾ ਨੇ ਇਸ ਸਕੂਲ ਨੂੰ ਨਤਮਸਤਕ ਕਰਦਿਆਂ ਆਪਣੀ ਪੜ੍ਹਾਈ ਦੌਰਾਨ ਇਸ ਸਕੂਲ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੂੰ ਸਾਂਝਾ ਕੀਤਾ।ਉਨ੍ਹਾਂ ਜਾਦੂ ਸ਼ੋਅ ਰਾਹੀਂ ਹਾਜ਼ਰੀਨ ਦਾ ਜਿਥੇ ਸਾਰਥਿਕ ਮਨੋਰੰਜ਼ਨ ਕੀਤਾ ਉਥੇ ਵਿਗਿਆਨਕ ਸੋਚ ਅਪਨਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ।ਰੁਮਾਲ ਤੋਂ ਛੜੀ ਬਣਾਉਣਾ, ਛੜੀ ਤੋਂ ਫੁੱਲ ਬਣਾਉਣਾ, ਫੁੱਲ ਗਾਇਬ ਕਰਨਾ, ਅਖਬਾਰ ਦੇ ਟੁਕੜੇ ਟੁਕੜੇ ਕਰਕੇ ਮੁੜ ਅਖਬਾਰ ਬਣਾਉਣਾ ਆਦਿ ਟ੍ਰਿਕਾਂ ਰਾਹੀਂ ਬੱਚਿਆਂ ਨੂੰ ਸੋਚਣ ਅਤੇ ਸਮਝਣ ਲਾਇਆ।
ਦੂਜੇ ਸੈਸ਼ਨ ਵਿੱਚ ਸਮੂਹ ਅਧਿਆਪਕਾਂ ਦੀ ਹਾਜ਼ਰੀ ਵਿੱਚ ਚੇਤਨਾ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੀਖਿਆ ਵਿੱਚ ਸਹਿਯੋਗ ਕਰਨ ਕਰਕੇ ਸਕੂਲ ਮੁਖੀ ਸੰਪੂਰਨ ਕੁਮਾਰ ਸਿੰਗਲਾ, ਮਾਸਟਰ ਸੁਖਵੀਰ ਸਿੰਘ, ਮਮਤਾ, ਰਣਜੀਤ ਕੌਰ, ਕਾਂਤਾ ਰਾਣੀ, ਵੀਨਾ ਰਾਣੀ, ਨਿਸ਼ਚਲ ਗਰਗ, ਬਲਵਿੰਦਰ ਕੌਰ, ਸ਼ਿੰਦਰਪਾਲ ਕੌਰ ਤੇ ਸਰਬਜੀਤ ਕੌਰ ਅਧਿਆਪਕਾਵਾਂ ਨੂੰ ਤਰਕਸ਼ੀਲਾਂ ਵਲੋਂ ਵਿਸ਼ੇਸ਼ ਉਪਰਾਲੇ ਨਾਲ ਅਧਿਆਪਕਾਂ ਲਈ ਛਪਾਈ ਪੁਸਤਕ `ਇਲਮ ਤੋਂ ਇਖਲਾਕ ਤੱਕ` ਨਾਲ ਸਨਮਾਨਿਤ ਕੀਤਾ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …