Sunday, June 1, 2025
Breaking News

ਪੰਜਾਬੀ ਨਾਟਕ `ਵਿੱਚਲੀ ਔਰਤ` ਦਾ ਸਫਲ ਮੰਚਨ

ਪੰਜਾਬੀ ਦੀਆਂ ਤਿੰਨ ਕਲਾਸੀਕਲ ਕਹਾਣੀਆਂ ਨੂੰ ਇੱਕ ਸੂਤਰ `ਚ ਪਰੋਣ ਦੀ ਡਾ. ਕਰਨੈਲ ਸਿੰਘ ਯੂ.ਐਸ.ਏ ਨੇ ਕੀਤੀ ਸ਼ਾਲਾਘਾ

ਅੰਮ੍ਰਿਤਸਰ, 26 ਫਰਵਰੀ (ਦੀਪ ਦਵਿੰਦਰ ਸਿੰਘ) – ਔਰਤ ਦੇ ਅੰਤਰੀਵੀ ਦਵੰਦਾਂ ਨੂੰ ਭਰਪੂਰ ਨਾਟਕੀ ਛੋਹਾਂ ਨਾਲ ਸਫਲਤਾਪੂਰਵਕ ਪੇਸ਼ ਕਰ ਗਿਆ ਨਾਟਕ `ਵਿਚਲੀ ਔਰਤ`।ਪੰਜਾਬੀ ਦੇ ਉਘੇ ਡਾਇਰੈਕਟਰ ਮੰਚਪ੍ਰੀਤ ਅਤੇ ਪੰਜਾਬੀ ਰੰਗਮੰਚ ਦੇ ਪ੍ਰੋੜ ਅਦਾਕਾਰਾ ਦੀ ਕਲਾ ਦੀ ਬਦੌਲਤ ਇੱਕ ਨਾਟਕ ਮੰਚ `ਤੇ ਖੇਡਿਆ ਜਾ ਰਿਹਾ ਸੀ ਅਤੇ ਇੱਕ ਦਰਸ਼ਕਾਂ ਦੇ ਮਨਾਂ ਵਿੱਚ ਬਰਾਬਰ ਚੱਲ ਰਿਹਾ ਸੀ।ਨਾਟਕ ਵੇਖਣ ਯੂ.ਐਸ.ਏ ਤੋਂ ਉਚੇਚੇ ਤੋਰ `ਤੇ ਪੁੱਜੇ ਉੱਘੇ ਸ਼ਾਇਰ ਅਤੇ ਕਹਾਣੀਕਾਰ ਡਾ. ਕਰਨੈਲ ਸਿੰਘ, ਪੰਜਾਬੀ ਮੈਗਜ਼ੀਨ `ਅੱਖਰ` ਦੇ ਸਰਪ੍ਰਸਤ ਡਾ. ਵਿਕਰਮ, ਪੰਜਾਬੀ ਸ਼ਾਇਰ ਅਤੇ ਨਾਟਕ ਦੇ ਗੀਤ ਲਿਖਣ ਵਾਲੇ ਸ਼ਾਇਰ ਵਿਸ਼ਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪ੍ਰਵੀਨ ਪੁਰੀ, ਉੱਘੀ ਸਮਾਜ ਸੇਵਿਕਾ ਮਨਦੀਪ ਟਾਗਰਾ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਉੱਘੀਆਂ ਹਸਤੀਆਂ ਉਚੇਚੇ ਤੋਰ ‘ਤੇ ਹਾਜ਼ਰ ਸਨ।ਜਿਨ੍ਹਾਂ ਵਲੋਂ ਔਰਤਾਂ ਦੇ ਅਤਿ ਸੰਵੇਦਨਸ਼ੀਲ ਵਿਸ਼ੇ ਨੂੰ ਕਹਾਣੀਆਂ ਵਿਚੋਂ ਕੱਢ ਕੇ ਰੰਗ ਮੰਚ `ਤੇ ਸਫਲਤਾ ਪੂਰਵਕ ਪੇਸ਼ ਕਰਨ ਦੀਆਂ ਡਾਇਰੈਕਟਰ ਅਤੇ ਕਲਾਕਾਰਾਂ ਨੂੰ ਮੁਬਾਰਕਾਂ ਦਿੱਤੀਆਂ।ਔਰਤਾਂ ਦੇ ਅੰਤਰੀਵ ਪੱਖਾਂ ਨੂੰ ਕਹਾਣੀਆਂ ਵਿੱਚ ਕਲਾਤਮਿਕਤਾ ਨਾਲ ਪੇਸ਼ ਕਰਨਾ ਅਜੇ ਬਹੁਤ ਸੌਖਾ ਹੈ, ਪਰ ਮੰਚ `ਤੇ ਪੇਸ਼ ਕਰਨਾ ਬਹੁਤ ਔਖਾ ਜਿਸ ਨੂੰ ਦੂਰ-ਅੰਦੇਸ਼ੀ ਅਤੇ ਬਰੀਕਬੀਨੀ ਵਾਲਾ ਕਲਾਕਾਰ ਅਤੇ ਡਾਇਰੈਕਟਰ ਹੀ ਪੇਸ਼ ਕਰ ਸਕਦਾ ਹੈ, ਇਹ ਉੱਘੇ ਨਾਟਕਕਾਰ ਜਤਿੰਦਰ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਲਾਕਾਰਾਂ ਅਤੇ ਨਾਟਕ ਦੇ ਡਾਇਰੈਕਟਰ ਨਾਲ ਜਾਣ ਪਛਾਣ ਕਰਵਾਉਂਦਿਆਂ ਕਿਹਾ।ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਦੇ ਸੰਜੀਦਾ ਦਰਸ਼ਕਾਂ ਵੱਲੋਂ ਭਰੇ ਜਾ ਰਹੇ ਹੁੰਗਾਰੇ ਦੀ ਬਦੌਲਤ ਹੀ ਉਹ ਇਹ ਉਪਰਾਲੇ ਜਾਰੀ ਰੱਖ ਰਹੇ ਹਨ।
ਉਨ੍ਹਾਂ ਪੰਜਾਬੀ ਦੇ ਜਿਨ੍ਹਾਂ ਤਿੰਨ ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਅਧਾਰ ‘ਤੇ ਨਾਟਕ `ਵਿਚਲੀ ਔਰਤ` ਤਿਆਰ ਕੀਤਾ ਗਿਆ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮੇਂ ਪੰਜਾਬੀ ਨਾਟਕ ਅਤੇ ਪੰਜਾਬੀ ਕਹਾਣੀਆਂ ਵਿਸ਼ਵ ਸਾਹਿਤ ਦੇ ਨਾਲ ਬਰ ਮੇਚ ਕੇ ਚੱਲ ਰਹੀਆਂ ਹਨ, ਜੋ ਪੰਜਾਬੀ ਸਾਹਿਤ ਜਗਤ ਦਾ ਇੱਕ ਹਾਸਿਲ ਹੈ ।
ਅੱਜ ਨਾਟਕ ਦਾ ਦੂਸਰੇ ਦਿਨ ਦ ਮੰਚਨ ਪੰਜਾਬ ਨਾਟਸ਼ਾਲਾ ਸਾਹਮਣੇ ਖਾਲਸਾ ਕਾਲਜ ‘ਚ ਹੋਇਆ।ਨਾਟਕ ਦੇ ਡਾਇਰੈਕਟਰ ਮੰਚਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਦੇ ਸਮਰੱਥ ਕਹਾਣੀਕਾਰਾਂ ਦੀਆਂ ਤਿੰਨ ਕਲਾਸੀਕਲ ਕਹਾਣੀਆਂ ਨੂੰ ਨਾਟਕ ਦਾ ਅਧਾਰ ਬਣਾ ਕੇ ਇੱਕ ਨਵਾਂ ਤਜ਼ੱਰਬਾ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਕੀਤਾ ਗਿਆ ਹੈ।ਜਿਸ ਵਿੱਚ ‘ਵਿਚਲੀ ਔਰਤ’ ਨੂੰ ਪੇਸ਼ ਕੀਤਾ ਗਿਆ ਹੈ।ਇਸ ਨਾਟਕ ਦੇ ਗੀਤ ਪੰਜਾਬੀ ਸ਼ਾਇਰ ਵਿਸ਼ਾਲ ਨੇ ਬਹੁਤ ਢੁੱਕਵੇਂ ਲਿਖੇ ਤੇ ਸੰਗੀਤ ਹਰਿੰਦਰ ਸੋਹਲ ਨੇ ਦਿੱਤਾ ਹੈ।ਉਨ੍ਹਾਂ ਪੰਜਾਬੀ ਰੰਗਮੰਚ ਪ੍ਰੇਮੀਆਂ ਵਲੋਂ ਪਹਿਲੇ ਦਿਨ ਭਰੇ ਭਰਪੂਰ ਹੁੰਗਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਭਵਿੱਖ ਵਿੱਚ ਵੀ ਉਨ੍ਹਾਂ ਦੀਆਂ ਇੱਛਾਵਾਂ `ਤੇ ਖਰੇ ਉਤਰਨ ਦਾ ਉਪਰਾਲਾ ਕਰਨਗੇ।
ਨਾਟਕ “ਵਿਚਲੀ ਔਰਤ” ਵਿੱਚ ਔਰਤਾਂ ਦੀ ਜ਼ਿੰਦਗੀ ‘ਤੇ ਅਧਾਰਿਤ ਪੰਜਾਬੀ ਦੇ ਤਿੰਨ ਪ੍ਰਮੁੱਖ ਕਹਾਣੀਕਾਰਾਂ ਦੀਆਂ ਤਿੰਨ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਵਿਚ ਕਰਤਾਰ ਸਿੰਘ ਦੁੱਗਲ ਦੀ “ਚਾਨਣੀ ਰਾਤ ਦਾ ਇੱਕ ਦੁਖਾਂਤ”, ਰਾਮ ਸਰੂਪ ਅਣਖੀ ਦੀ “ਸੁੱਤਾ ਨਾਗ” `ਤੇ ਤਲਵਿੰਦਰ ਸਿੰਘ ਦੀ “ਵਿੱਚਲੀ ਔਰਤ” ਸ਼਼ਾਮਲ ਹੈ।ਇਹ ਤਿੰਨੇ ਕਹਾਣੀਆਂ ਔਰਤ ਦੀ ਜ਼ਿੰਦਗੀ ਦੇ ਉਸ ਦੁਖਾਂਤ ਨੂੰ ਪੇਸ਼ ਕਰਦੀਆਂ ਹਨ, ਜਿਸ ਦੀ ਗੱਲ ਕਰਨ ਤੋਂ ਅਕਸਰ ਸਾਡਾ ਸਮਾਜ ਗੁਰੇਜ਼ ਕਰਦਾ ਹੈ।ਪਰਿਵਾਰ ਤੇ ਸਮਾਜ ਦੀ ਇੱਜ਼ਤ ਦੇ ਨਾਂ ‘ਤੇ ਔਰਤ ਦੀ ਆਜ਼ਾਦੀ, ਉਸ ਦੀਆਂ ਸੱਧਰਾਂ, ਉਸ ਦੀਆਂ ਇੱਛਾਵਾਂ ਨੂੰ ਹਮੇਸ਼ਾਂ ਤੋਂ ਕੁਰਬਾਨ ਕੀਤਾ ਜਾਂਦਾ ਆਇਆ ਹੈ।ਵਧੇਰੇ ਕਰਕੇ ਔਰਤਾਂ ਆਪਣੀ ਸਥਿਤੀ ਨਾਲ ਸਮਝੌਤਾ ਕਰਕੇ ਸਮਾਜ ਦੇ ਇਸ ਵਰਤਾਰੇ ਨੂੰ ਸਵੀਕਾਰ ਕਰ ਲੈਂਦੀਆਂ ਹਨ।ਪਰ ਕੁੱਝ ਅਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਕਿ ਸਮਾਜ ਦੇ ਇਸ ਵਖਰੇਵੇਂ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਹਿੰਮਤ ਜੁਟਾਉਂਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਅਜ਼ਾਮ ਨੂੰ ਸਿਰ ਚੁੱਕ ਕੇ ਭੁਗਤਦੀਆਂ ਹਨ, ਚਾਹੇ ਉਹ ਚੰਗਾ ਹੋਵੇ ਜਾਂ ਮਾੜਾ।ਨਾਟਕ ਵਿਚਲੀ ਔਰਤ ਅਜਿਹੀਆਂ ਹੀ ਨੂੰ ਔਰਤਾਂ ਨੂੰ ਸਮਰਪਿਤ ਹੈ, ਜਿਹੜੀਆਂ ਦੂਸਰਿਆਂ ਵਲੋਂ ਸਿਰਜ਼ ਕੇ ਦਿੱਤੀ ਹੋਈ ਜ਼ਿੰਦਗੀ ਜਿਊਂਦਿਆਂ ਜਦੋਂ ਅੱਕ ਜਾਂਦੀਆਂ ਨੇ ਤੇ ਫਿਰ ਉਹ ਇਕ ਵੱਖਰਾ ਰਾਹ ਚੁਣ ਲੈਦੀਆਂ।ਜਿਸ ਦੇ ਚੱਲਦਿਆਂ ਹੋਇਆਂ ਕਈ ਵਾਰੀ ਉਹਨਾਂ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ।ਕਈ ਵਾਰੀ ਬਹੁਤ ਚੰਗੇ ਨਤੀਜੇ ਵੀ ਨਹੀਂ ਨਿਕਲਦੇ।ਪਰ ਇਹ ਉਹਨਾਂ ਵਲੋਂ ਚੁਣੀ ਗਈ, ਆਪਣੀ ਸਿਰਜ਼ੀ ਜ਼ਿੰਦਗੀ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਨਾਟਕ ਦਾ ਸੰਗੀਤ ਹਰਿੰਦਰ ਸੋਹਲ ਦਾ ਹੈ, ਗੀਤ ਵਿਸ਼ਾਲ ਬਿਆਸ ਦੇ ਲਿਖੇ ਹੋਏ ਹਨ ਜਿਸ ਨਾਟਕ ਆਪਣੀਆਂ ਸਿਖਰਾਂ ਛੂੰਹਦਾ ਹੈ।
ਨਾਟਕ ਵਿੱਚ ਮਨਦੀਪ ਘਈ, ਸੁਖਵਿੰਦਰ ਵਿਰਕ, ਜਗਦੀਸ਼ ਸਿੰਘ ਜੱਬਲ, ਭਜਨਦੀਪ ਸਿੰਘ, ਕਮਲਜੀਤ ਸਿੰਘ ਬਿਸ਼ਟ, ਕਰਨਬੀਰ ਸਿੰਘ, ਰੋਬਿਨ ਭਸੀਨ, ਕੁਲਜੀਤ ਸਿੰਘ, ਦਿਪੀਕਾ, ਹਰਸ਼ਿਤਾ, ਗਾਯਤ੍ਰੀ, ਸਾਚਿਨਾਂ, ਮੋਹਿਤ, ਸੂਰਜ, ਕਾਕਾ਼ ਨੇ ਕਮਾਲ ਦੀ ਅਦਾਕਾਰੀ ਵਿਖਾਈ ਜੋ ਦਰਸ਼ਕਾ ਨੂੰ ਅਹਿਸਾਸ ਕਰਵਾ ਦਿੰਦੀ ਹੈ ਕਿ ਇਹ ਅਸਲ ਨਾਟਕ ਜੋ ਰੰਗਮੰਚ `ਤੇ ਚੱਲ ਰਿਹਾ ਹੈ।ਕਹਾਣੀਕਾਰ ਤਲਵਿੰਦਰ ਸਿੰਘ ਦੀ ਬੇਟੀ ਸੁਪ੍ਰੀਤ ਕੌਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇਸ ਮੌਕੇ ਯੂ.ਐਸ.ਏ ਤੋਂ ਉਚੇਚੇ ਤੋਰ ‘ਤੇ ਪੁੱਜੀ ਸੀ।ਅੱਜ ਦੇ ਨਾਟਕ ਦਾ ਨਾਂ ਹੀ ਉਨ੍ਹਾਂ ਦੇ ਪਿਤਾ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਕਹਾਣੀ `ਵਿਚਲੀ ਔਰਤ’ `ਤੇ ਅਧਾਰਿਤ ਸੀ।ਇਸ ਸਮੇਂ ਤਰਲੋਚਨ ਤਰਨਤਾਰਨ, ਭੁਪਿੰਦਰ ਸਿੰਘ ਸੰਧੂ, ਜਗਤਾਰ ਮਹਿਲਾਂਵਾਲਾ ਵੀ ਦਰਸ਼ਕਾਂ ਵਿੱਚ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …