ਕਿਸਾਨ ਪੀ.ਏ.ਯੂ ਦੀਆਂ ਖੇਤੀ ਤਕਨਾਲੋਜੀਆਂ ਨੂੰ ਤਰਜ਼ੀਹ ਦੇਣ – ਡਾ. ਸਤਿਬੀਰ ਸਿੰਘ ਗੋਸਲ
ਸੰਗਰੂਰ, 26 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸੰਗਰੂਰ ਜ਼ਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ, ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਪਸਾਰ ਸਿੱਖਿਆ ਵਿਭਾਗ ਪੀ.ਏ.ਯੂ ਲੁਧਿਆਣਾ ਦੇ ਸਾਂਝੇ ਯਤਨਾਂ ਅਤੇ ਪੰਜਾਬ ਰਾਜ ਬੀਜ਼ ਨਿਗਮ (ਪਨਸੀਡ), ਮੋਹਾਲੀ ਦੇ ਵਿਸ਼ੇਸ਼ ਸਹਿਯੋਗ ਨਾਲ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਫ਼ਸਲੀ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ, ਖੇਤੀ ਸਹਾਇਕ ਧੰਦਿਆਂ ਅਤੇ ਖੇਤੀ ਵਿਭਿੰਨਤਾ ਵਿਸ਼ੇ ਨੂੰ ਸਮਰਪਿਤ ਸੀ.ਆਰ.ਐਮ ਪ੍ਰੋਜੈਕਟ ਅਧੀਨ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ।ਜਿਸ ਵਿੱਚ ਡਾ. ਸਤਿਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਪੰਜਾਬ ਤੇ ਮੈਂਬਰ ਖੇਤੀਬਾੜੀ ਨੀਤੀ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।ਇਸ ਤੋਂ ਇਲਾਵਾ ਇਸ ਕਿਸਾਨ ਮੇਲੇ ਵਿੱਚ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸੰਗਰੂਰ, ਡਾ. ਅਸ਼ੋਕ ਕੁਮਾਰ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ ਪੀ.ਏ.ਯੂ ਲੁਧਿਆਣਾ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਮੇਲੇ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ ਬੁੱਟਰ ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ ਲੁਧਿਆਣਾ ਨੇ ਕੀਤੀ।ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਘਟਾ ਕੇ ਸਬਜ਼ੀਆਂ, ਫ਼ਲਾਂ ਅਤੇ ਸਹਾਇਕ ਧੰਦਿਆਂ ਵੱਲ ਮੋੜਾ ਕੱਟ ਕੇ ਖੇਤੀ ਵਿਭਿੰਨਤਾ ਅਪਣਾਉਣ ‘ਤੇ ਜ਼ੋਰ ਦਿੱਤਾ। ਉਹਨਾਂ ਕਿਸਾਨਾਂ ਨੂੰ ਪੀ.ਏ.ਯੂ ਵਲੋਂ ਵਿਕਸਤ ਸੰਯੁਕਤ ਖੇਤੀਬਾੜੀ ਮਾਡਲ ਅਪਣਾ ਕੇ ਘਰੇਲੂ ਜ਼ਰੂਰਤਾਂ ਖੇਤ ਵਿੱਚੋਂ ਹੀ ਪੂਰੀਆਂ ਕਰਨ ਦਾ ਵੀ ਸੱਦਾ ਦਿੱਤਾ।ਡਾ. ਗੋਸਲ ਨੇ ਕਣਕ ਦੀ ਫ਼ਸਲ ਨੂੰ ਵਧ ਰਹੇ ਤਾਪਮਾਨ ਨੂੰ ਬਚਾਉਣ ਲਈ ਪੀ.ਏ.ਯੂ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਮਿੱਟੀ ਦੀ ਕਿਸਮ ਮੁਤਾਬਿਕ ਹਲਕਾ ਪਾਣੀ ਲਾਉਣ ਅਤੇ 2% ਪੋਟਾਸ਼ੀਅਮ ਨਾਈਟ੍ਰੇਟ ਦੇ ਸਪਰੇਅ ਕਰਨ ਦੀ ਵੀ ਸਲਾਹ ਦਿੱਤੀ। ਉਹਨਾਂ ਕਣਕ ਦੀ ਨਵੀਂ ਕਿਸਮ ਪੀ.ਬੀ ਡਬਲਿਊ 826 ਦੇ ਗੁਣਾਂ ਦਾ ਵੀ ਜ਼ਿਕਰ ਕੀਤਾ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋਨੇ ਦੀ ਪੀ.ਆਰ 126 ਹੇਠ ਰਕਬਾ ਵਧਾਉਣ ਲਈ ਵੀ ਪ੍ਰੇਰਿਤ ਕੀਤਾ।ਉਹਨਾਂ ਗਰਮੀ ਰੁੱਤ ਦੀ ਮੱਕੀ ਨੂੰ ਬੈਡਾਂ ‘ਤੇ ਅਤੇ ਤੁਪਕਾ ਸਿੰਜਾਈ ਵਿਧੀ ਨਾਲ ਲਾਉਣ ਬਾਰੇ ਵੀ ਨਸੀਹਤ ਦਿੱਤੀ।ਇਸ ਤੋਂ ਇਲਾਵਾ ਉਹਨਾਂ ਕਣਕ ਅਤੇ ਝੋਨੇ ਦਾ ਆਪਣਾ ਬੀਜ਼ ਸੰਭਾਲਣ ਲਈ ਵੀ ਪੁਰਜ਼ੋਰ ਸੁਨੇਹਾ ਦਿੱਤਾ।
ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਨੇ ਪੀ.ਏ.ਯੂ ਵਿਖੇ ਆਯੋਜਿਤ ਕੀਤੀ ਪਹਿਲੀ ਸਰਕਾਰ-ਕਿਸਾਨ ਮਿਲਣੀ ਨੂੰ ਚੰਗਾ ਕਦਮ ਦੱਸਿਆ ਅਤੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਖੇਤੀ ਮਾਹਿਰਾਂ ਦੀ ਸਲਾਹ ਮੰਨਣ ਲਈ ਆਖਿਆ।ਉਹਨਾਂ ਪਨਸੀਡ ਦੇ ਬੀਜ਼ ਉਤਪਾਦਨ ਪ੍ਰੋਗਰਾਮਾਂ ਨੂੰ ਹੋਰ ਹੁਲਾਰਾ ਦੇਣ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ।ਡਾ. ਅਸ਼ੋਕ ਕੁਮਾਰ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ ਖੇਤੀਬਾਯੀ ਇੰਜੀਨੀਅਰਿੰਗ ਕਾਲਜ ਨੇ ਖੇਤੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਅਤੇ ਖੇਤੀ ਉਪਜ ਦੇ ਉਤਪਾਦ ਬਣਾ ਦੇ ਵੇਚਣ ਦਾ ਸੁਝਾਅ ਦਿੱਤਾ।ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਲਈ ਆਖਿਆ।ਉਹਨਾਂ ਢੁਕਵੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜ਼ਾਈ ਕਰਨ ਦਾ ਵੀ ਸੁਝਾਅ ਦਿੱਤਾ ਅਤੇ ਕਿਸਾਨਾਂ ਨੂੰ ਪੀ.ਏ.ਯੂ ਨਾਲ ਵੱਧ ਤੋਂ ਵੱਧ ਜੁੜਨ ਲਈ ਵੀ ਪ੍ਰੇਰਿਤ ਕੀਤਾ।ਗੁਰਮੇਲ ਸਿੰਘ ਘਰਾਚੋਂ ਨੇ ਕਿਸਾਨਾਂ ਨੂੰ ਕੇ.ਵੀ.ਕੇ ਖੇੜੀ ਤੋਂ ਕਿੱਤਾਮੁਖੀ ਸਿਖਲਾਈ ਲੈ ਕੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਆਖਿਆ।ਡਾ. ਬੂਟਾ ਸਿੰਘ ਰੋਮਾਣਾ, ਜਨਰਲ ਮੈਨੇਜਰ ਪਨਸੀਡ ਨੇ ਖੇਤੀ ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ।ਉਹਨਾਂ ਪਨਸੀਡ ਵਲੋਂ ਤਿਆਰ ਕੀਤੇ ਜਾਣ ਵਾਲੇ ਅਨਾਜ ਵਾਲੀਆਂ ਫਸਲਾਂ, ਗਰਮੀ ਰੁੱਤ ਦੀਆਂ ਫਸਲਾਂ, ਤੇਲ ਬੀਜ਼ ਫਸਲਾਂ, ਦਾਲਾਂ ਅਤੇ ਸਬਜ਼ੀਆਂ ਦੇ ਬੀਜਾਂ ਬਾਰੇ ਵੀ ਜਾਣਕਾਰੀ ਦਿੱਤੀ।ਡਾ. ਮਨਦੀਪ ਸਿੰਘ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕੇਵੀਕੇ ਵਲੋਂ ਆਯੋਜਿਤ ਕੀਤੇ ਜਾਂਦੇ ਸਿਖਲਾਈ ਕੋਰਸਾਂ ਅਤੇ ਕਿਸਾਨਾਂ ਲਈ ਕੀਤੀਆਂ ਜਾਂਦੀਆਂ ਵੱਖ-ਵੱਖ ਪਸਾਰ ਗਤੀਵਿਧੀਆਂ ਅਤੇ ਫ਼ਸਲੀ ਰਹਿੰਦ-ਖੂਹੰਦ ਪ੍ਰਬੰਧਨ ਪ੍ਰੋਜੈਕਟ ਅਧੀਨ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਸਾਂਝ ਪਾਈ। ਡਾ. ਕੁਲਦੀਪ ਸਿੰਘ ਨੇ ਫਾਰਮਰ ਫਸਟ ਪ੍ਰੋਜੈਕਟ ਅਧੀਨ ਕੀਤੀਆਂ ਜਾ ਰਹੀਆਂ ਗਤਵਿਧੀਆਂ ਅਤੇ ਕਿਸਾਨਾਂ ਵਲੋਂ ਕੀਤੇ ਉਦਮਾਂ ਦਾ ਲੇਖਾ-ਜੋਖਾ ਸਾਂਝਾ ਕੀਤਾ।ਤਕਨੀਕੀ ਸੈਸ਼ਨ ਦੌਰਾਨ ਡਾ. ਅਸ਼ੋਕ ਕੁਮਾਰ ਨੇ ਮਿੱਟੀ-ਪਾਣੀ ਪਰਖ, ਡਾ. ਗੁਰਬੀਰ ਕੌਰ ਨੇ ਸਰਵਪਖੀ ਰੋਗ ਪ੍ਰਬੰਧ, ਡਾ. ਰਵਿੰਦਰ ਕੌਰ ਨੇ ਪੌਸ਼ਟਿਕ ਬਗੀਚੀ, ਡਾ. ਸੁਨੀਲ ਕੁਮਾਰ ਨੇ ਖੇਤੀ ਮਸ਼ੀਨਰੀ, ਡਾ. ਅਮਨਦੀਪ ਕੌਰ ਨੇ ਗਰਮੀ ਰੁੱਤ ਦੀ ਮੂੰਗੀ ਅਤੇ ਮੱਕੀ ਬਾਰੇ ਜਾਣਕਾਰੀ ਦਿੱਤੀ।ਕਿਸਾਨ ਮੇਲੇ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਕੰਵਲ ਸਿੰਘ ਅਤੇ ਲੀਡ ਬੈਂਕ ਮੈਨੇਜਰ ਸੰਜੀਵ ਕੁਮਾਰ ਨੇ ਵੀ ਸੰਬੋਧਨ ਕੀਤਾ।ਡਾ. ਪੰਕਜ ਕੁਮਾਰ, ਪਸਾਰ ਸਿੱਖਿਆ ਵਿਭਾਗ, ਪੀ.ਏ.ਯੂ ਵੀ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਵਿੱਚ ਮੌਜ਼ੂਦ ਰਹੇ।ਇਸ ਕਿਸਾਨ ਮੇਲੇ ਵਿੱਚ 30 ਤੋਂ ਵੱਧ ਸ਼ੈਲਫ਼ ਹੈਲਪ ਗਰੁੱਪਾਂ ਅਤੇ ਕਿਸਾਨ ਉਦਮੀਆਂ ਨੇ ਖੇਤੀ ਨੁਮਾਇਸ਼ਾਂ ਲਗਾਈਆਂ।ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਵਿੰਦਰ ਸਿੰਘ ਅਤੇ ਖੁਸ਼ੀਆ ਸਿੰਘ ਦੇ ਸਬਜ਼ੀ ਫਾਰਮ ਅਤੇ ਨਿਰਭੈ ਸਿੰਘ ਅਤੇ ਦਾਰਾ ਸਿੰਘ ਦੇ ਖੁੰਬ ਅਤੇ ਸ਼ਹਿਦ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਇਹਨਾਂ ਦੇ ਖੇਤੀ ਉਦਮਾਂ ਦੀ ਖੂਬ ਸ਼ਲਾਘਾ ਕੀਤੀ ਗਈ।
ਅਖੀਰ ਵਿੱਚ ਖੇਤੀ ਵਿਭਿੰਨਤਾ ਦੇ ਰੋਲ ਮਾਡਲ, ਝੋਨੇ ਦੀ ਪਰਾਲੀ ਨਾ ਸਾੜਨ ਅਤੇ ਸਹਾਇਕ ਧੰਦੇ ਅਪਨਾਉਣ ਵਾਲੇ 20 ਕਿਸਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਖੁੰਬਾਂ ਦੀ ਸਫਲ ਟਰੇਨਿੰਗ ਕਰਨ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਦਿੱਤੇ ਗਏ।ਕਿਸਾਨ ਮੇਲੇ ਦੀ ਕਾਮਯਾਬੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਫਾਰਮਰ ਫਸਟ ਪ੍ਰੋਜੈਕਟ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰ ਦਿੱਤਾ।ਫਾਰਮਰ ਫਸਟ ਪ੍ਰੋਜੈਕਟ ਦੇ ਫੀਲਡ ਸੁਪਰਵਾਈਜ਼ਰਾਂ ਸੰਦੀਪ ਸਿੰਘ ਅਤੇ ਰਵੀ ਸ਼ੰਕਰ ਨੇ ਜ਼ਿਕਰਯੋਗ ਮਿਹਨਤ ਕੀਤੀ।