Saturday, September 12, 2026

’ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਨੂੰ ਹਰੀ ਝੰਡੀ 18 ਦਸੰਬਰ ਨੂੰ

ਬਠਿੰਡਾ ਸਮੇਤ ਨੇੜਲੇ ਜ਼ਿਲ੍ਹਿਆਂ ਦੀ ਜਨਤਾ ਨੂੰ ਮਿਲੇਗਾ ਤੋਹਫ਼ਾ

PPN1612201404

ਬਠਿੰਡਾ, 16 ਦਸੰਬਰ (ਅਵਤਾਰ ਸਿੰਘ ਕੈਂਥ / ਜਸਵਿੰਦਰ ਸਿੰਘ ਜੱਸੀ) : ਜ਼ਿਲ੍ਹਾ ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ 18 ਦਸੰਬਰ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਨਾਲ ‘ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬੀਬੀ ਬਾਦਲ ਵਲੋਂ ਕੀਤੇ ਗਏ ਉਪਰਾਲਿਆਂ ਸਦਕਾ ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਦੀ ਮੰਗ ਪੂਰੀ ਹੋ ਗਈ ਹੈ ਅਤੇ ਹੁਣ ਲੋਕ ਇਸ ਐਕਸਪ੍ਰੈਸ ਦੇ ਚਾਲੂ ਹੋਣ ‘ਤੇ ਪੂਰੀ ਤਰ੍ਹਾਂ ਖੁਸ਼ ਦਿਖਾਈ ਦੇ ਰਹੇ ਹਨ। ਸ਼ਤਾਬਦੀ ਐਕਸਪ੍ਰੈਸ ਨੂੰ ਪਹਿਲੇ ਪ੍ਰੋਗਰਾਮ ਅਨੁਸਾਰ 31 ਅਕਤੂਬਰ ਨੂੰ ਹਰੀ ਝੰਡੀ ਦਿੱਤੀ ਜਾਣੀ ਸੀ, ਪਰ ਦਿੱਲੀ ਵਿਖੇ ਹੋ ਰਹੀਆਂ ਉਪ ਚੋਣਾਂ ਕਾਰਨ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤਾ ਗਿਆ ਸੀ, ਜਿਸ ਕਰਕੇ ‘ਐਕਸਪ੍ਰੈਸ’ ਨੂੰ ਚਲਾਉਣ ਦਾ ਪ੍ਰੋਗਰਾਮ ਟਾਲਣਾ ਪਿਆ। ਉਨ੍ਹਾਂ ਦੱਸਿਆ ਕਿ 18 ਦਸੰਬਰ ਨੂੰ ਇਸ ਸ਼ਤਾਬਦੀ ਐਕਸਪ੍ਰੈਸ ਦਾ ਉਦਘਾਟਨ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਵਲੋਂ ਨਵੀਂ ਦਿੱਲੀ ਜੰਕਸ਼ਨ ਤੋਂ ਕੀਤਾ ਜਾਵੇਗਾ ਉਪਰੰਤ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਵਿਖੇ ਪਹੁੰਚਣ ‘ਤੇ ਇਸ ਗੱਡੀ ਦਾ ਸਵਾਗਤ ਕੀਤਾ ਜਾਵੇਗਾ ਅਤੇ ਇਲਾਕਾ ਵਾਸੀਆਂ ਦੀ ਖੁਸ਼ੀ ਵਿਚ ਸ਼ਰੀਕ ਹੋਇਆ ਜਾਵੇਗਾ।
ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ ਸ਼ੁਰੂ ਹੋਣ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਵਪਾਰ ਮੰਡਲ ਅਤੇ ਵੱਖ-ਵੱਖ ਸੰਸਥਾਵਾਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਐਕਸਪ੍ਰੈਸ ਚਾਲੂ ਹੋਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਸ਼ਤਾਬਦੀ ਐਕਸਪ੍ਰੈਸ ਦੀ ਸ਼ੁਰੂਆਤ ਨਾਲ ਇਸ ਖੇਤਰ ਦੀ ਜਨਤਾ ਦੀ ਪੁਰਾਣੀ ਮੰਗ ਪੂਰੀ ਹੋ ਗਈ ਹੈ, ਜਿਸ ਸਦਕਾ ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੇ ਨਾਲ-ਨਾਲ ਵਪਾਰੀ ਵਰਗ ਲਈ ਤਾਂ ‘ਐਕਸਪ੍ਰੈਸ’ ਇਕ ਵਰਦਾਨ ਬਣਕੇ ਆਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਠਿੰਡਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਹਫ਼ਤੇ ਵਿਚ ਦੋ ਦਿਨ ਸੋਮਵਾਰ ਅਤੇ ਸ਼ਨੀਵਾਰ ਚੱਲੇਗੀ, ਜਿਸ ਮੁਤਾਬਿਕ ਦਿੱਲੀ ਤੋਂ ਸਵੇਰੇ 9 ਵਜੇ ਚੱਲੇਗੀ ਅਤੇ ਬਠਿੰਡਾ ਵਿਖੇ ਦੁਪਹਿਰ 1:45 ‘ਤੇ ਪੁੱਜੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਠਿੰਡਾ ਤੋਂ ਸ਼ਾਮ 4:20 ‘ਤੇ ਚੱਲ ਕੇ 9:10 ‘ਤੇ ਦਿੱਲੀ ਪੁੱਜੇਗੀ। ਉਨ੍ਹਾਂ ਕਿਹਾ ਕਿ ਇਹ ਐਕਸਪ੍ਰੈਸ ਚੱਲਣ ਨਾਲ ਹੁਣ ਰਾਹਗੀਰਾਂ ਦਾ ਸਫਰ ਜਲਦੀ ਨਿਬੜ ਜਾਵੇਗਾ ਅਤੇ ਉਨ੍ਹਾਂ ਦਾ ਘੰਟਿਆਂਬੱਧੀ ਸਫ਼ਰ ਤੋਂ ਖਹਿੜਾ ਛੁੱਟ ਜਾਵੇਗਾ। ਡਾ. ਗਰਗ ਨੇ ਵੱਖ-ਵੱਖ ਸੰਸਥਾਵਾਂ ਦੇ ਆਏ ਨੁਮਾਇੰਦਿਆਂ ਤੋਂ ਸੁਝਾਅ ਵੀ ਲਏ, ਤਾਂ ਜੋ ਸ਼ਤਾਬਦੀ ਐਕਸਪ੍ਰੈਸ ਆਮ ਵਰਗ ਦੇ ਨਾਲ-ਨਾਲ ਵਪਾਰੀ ਵਰਗ ਨੂੰ ਹੋਰ ਲਾਹਾ ਪਹੁੰਚਾ ਸਕੇ। ਮੀਟਿੰਗ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply