ਅੰਮ੍ਰਿਤਸਰ, 5 ਮਾਰਚ (ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਲੇਖਕ ਸੰਘ ਅਤੇ ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਪ੍ਰਸਿੱਧ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿੱਚ ਕਰਵਾਏ ਗਏ ਸਮਾਗਮ ‘ਤਲਵਿੰਦਰ ਦੀਆਂ ਤਰੰਗਾਂ ਨੂੰ ਫੜਦਿਆਂ’ ਦੀ ਪ੍ਰਧਾਨਗੀ ਸ਼ਾਇਰ ਹਰਮੀਤ ਵਿਦਿਆਰਥੀ, ਦੇਸ ਰਾਜ ਕਾਲੀ, ਸੁਪ੍ਰੀਤ ਕੌਰ ਅਤੇ ਰਮੇਸ਼ ਯਾਦਵ ਨੇ ਕੀਤੀ।ਮੁੱਖ ਵਕਤਾ ਹਰਵਿੰਦਰ ਭੰਡਾਲ ਨੇ ਕਿਹਾ ਕਿ ਮਨੁੱਖੀ ਜੀਵਨ ਆਖੀਰ ਵਿੱਚ ਕਹਾਣੀ ਵਾਂਗ ਹੀ ਬਣ ਜਾਂਦਾ ਹੈ।ਉਨ੍ਹਾਂ ਨੇ ਤਲਵਿੰਦਰ ਸਿੰਘ ਦੀਆਂ ਕਹਾਣੀਆਂ ਦੇ ਪ੍ਰਸੰਗ ਵਿੱਚ ਕਿਹਾ ਕਿ ਇਹ ਕਹਾਣੀਆਂ ਪੰਜਾਬੀ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਨਵੀਂ ਦ੍ਰਿਸ਼ਟੀ ਤੋਂ ਰੂਪਮਾਨ ਕਰਦੀਆਂ ਹਨ।ਉਹ ਆਪਣੇ ਤੋਂ ਪਹਿਲਾਂ ਦੀਆਂ ਪ੍ਰਗਤੀਵਾਦੀ ਪਰੰਪਰਾਵਾਂ ਤੋਂ ਅਗੇ ਜਾ ਕੇ ਉਨ੍ਹਾਂ ਵਿਸ਼ਿਆਂ ਨੂੰ ਆਪਣੀਆਂ ਕਹਾਣੀਆਂ ਵਿੱਚ ਸ਼ਾਮਿਲ ਕਰਦਾ ਹੈ।ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਵਰਜ਼ਿਤ ਕਿਹਾ ਜਾਂਦਾ ਸੀ।ਉਹ ਮਰਦ ਅਤੇ ਔਰਤਾਂ ਦੋਹਾਂ ਦੇ ਕਾਮੁਕ ਦਮਨ ਕਾਰਨ ਉਪਜਦੀ ਮਾਨਸਿਕ ਕੁੰਠਾ ਨੂੰ ਆਪਣੇ ਬਿਰਤਾਂਤ ਦਾ ਹਿੱਸਾ ਬਣਾਉਂਦਾ ਹੈ।
ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਦੇਸਰਾਜ ਕਾਲੀ ਨੇ ਤਲਵਿੰਦਰ ਸਿੰਘ ਦੀ ਸ਼ਖਸੀਅਤ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਹਮੇਸ਼ਾਂ ਆਪਣੇ ਤੋਂ ਛੋਟੀ ਉਮਰ ਦੇ ਨੌਜਵਾਨ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਦਾ ਸੀ ਅਤੇ ਉਨ੍ਹਾਂ ਨੂੰ ਸਿਰਜਣਾ ਅਤੇ ਸਾਹਿਤ ਦੇ ਖੇਤਰ ਵਿੱਚ ਅਗਵਾਈ ਪ੍ਰਦਾਨ ਕਰਦਾ ਸੀ।ਪੰਜਾਬੀ ਕਵੀ ਹਰਮੀਤ ਵਿਦਿਆਰਥੀ ਨੇ ਤਲਵਿੰਦਰ ਸਿੰਘ ਨਾਲ ਜੁੜੀਆਂ ਜੰਥੇਬੰਦਕ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਬੇਵਕਤੀ ਮੌਤ ਕਾਰਨ ਪੰਜਾਬੀ ਸਾਹਿਤ ਜਗਤ ਤਲਵਿੰਦਰ ਸਿੰਘ ਵਲੋਂ ਦਿੱਤੇ ਜਾਣ ਵਾਲੇ ਯੋਗਦਾਨ ਤੋਂ ਮਹਿਰੂਮ ਰਹਿ ਗਿਆ ਹੈ।
ਪ੍ਰੋ. ਸੁਰਜੀਤ ਜੱਜ ਨੇ ਆਏ ਹੋਏ ਅਦੀਬਾਂ ਨੂੰ ‘ਜੀ ਆਇਆ ਨੂੰ’ ਕਹਿੰਦਿਆਂ ਦੱਸਿਆ ਕਿ ਕਲਮਕਾਰਾਂ ਦੀ ਹਮੇਸ਼ਾਂ ਸੱਚੀ ਸਲਤਨਤ ਹੁੰਦੀ ਹੈ।ਚਰਚਾ ਵਿੱਚ ਭਾਗ ਲੈਣ ਵਾਲਿਆਂ ‘ਚ ਭਗਵੰਤ ਰਸੂਲਪੁਰੀ, ਹਰਮੀਤ ਆਰਟਿਸਟ, ਅਮਰਜੀਤ ਆਸਲ, ਧਰਵਿੰਦਰ ਸਿੰਘ ਔਲਖ, ਪ੍ਰੋ. ਭੁਪਿੰਦਰ ਕੌਰ ਜੱਜ, ਤਰਲੋਚਨ ਸਿੰਘ ਤਰਨ ਤਾਰਨ, ਦਸਵਿੰਦਰ ਕੌਰ, ਕਰਮ ਸਿੰਘ ਹੁੰਦਲ, ਸੁਖਦੇਵ ਸਿੰਘ ਭੱਟੀ, ਗੁਰਜਿੰਦਰ ਬਘਿਆੜੀ, ਗੁਰਜੀਤ ਕੌਰ ਸੰਧੂ ਅਵਤਾਰ ਓਠੀ ਤੇ ਰੀਵਾ ਦਰਿਆ ਨੇ ਭਾਗ ਲਿਆ।ਸਾਰੀ ਬਹਿਸ ਨੂੰ ਸਮੇਟਦਿਆਂ ਤਲਵਿੰਦਰ ਸਿੰਘ ਦੀ ਸਪੁੱਤਰੀ ਸੁਪ੍ਰੀਤ ਕੌਰ ਨੇ ਬਹੁਤ ਭਵਾਪੂਰਤ ਸ਼ਬਦਾਂ ਵਿੱਚ ਉਨ੍ਹਾਂ ਦੇ ਜੀਵਨ ਤੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ।ਮੰਚ ਸੰਚਾਲਕ ਭੁਪਿੰਦਰ ਸਿੰਘ ਸੰਧੂ ਵਲੋਂ ਬਾਖੂਬੀ ਨਿਭਾਈ ਅਤੇ ਸਭ ਦਾ ਧੰਨਵਾਦ ਰਮੇਸ਼ ਯਾਦਵ ਵਲੋਂ ਕੀਤਾ ਗਿਆ।
ਸਮਾਗਮ ਵਿੱਚ ਹਰਜੀਤ ਰਾਜਾਸਾਂਸੀ, ਸਤਨਾਮ ਸਿੰਘ ਜੱਸੜ, ਗਿਆਨ ਸਿੰਘ ਘਈ, ਗੁਰਦੇਵ ਸਿੰਘ ਮਹਿਲਾਂਵਾਲਾ, ਦਿਲਬਾਗ ਸਿੰਘ ਸਰਕਾਰੀਆ, ਏ.ਐਸ ਦਲੇਰ, ਜਗਰੂਪ ਸਿੰਘ, ਕਰਮਜੀਤ ਕੌਰ ਜੱਸਲ, ਕਮਲ ਗਿੱਲ, ਬਲਬੀਰ ਮੂਧਲ, ਹਰਜੀਤ ਸਿੰਘ ਸਰਕਾਰੀਆ, ਹਰਿੰਦਰ ਸਿੰਘ, ਹਰਜਿੰੰਦਰ ਸਿੰਘ ਆਦਿ ਹਾਜ਼ਰ ਸਨ।