Monday, December 23, 2024

ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਪੁਸਤਕ `ਸਮੁੰਦਰਨਾਮਾ` ਰਲੀਜ਼

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਵਿਸ਼ੇਸ਼ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ਼-ਮੰਚ ਵਲੋਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬੀ ਦੇ ਨਾਮਵਰ ਲੇਖਕ ਪਰਮਜੀਤ ਮਾਨ ਦੀ ਪੁਸਤਕ `ਸਮੁੰਦਰਨਾਮਾ` ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ ਅਤੇ ਉਪ-ਕੁਲਪਤੀ ਪੋ੍. ਜਸਪਾਲ ਸਿੰਘ ਸੰਧੂ ਨੇ ਇਸ ਪੁਸਤਕ ਨੂੰ ਰਲੀਜ਼ ਕੀਤਾ ਤੇ ਕਿਹਾ ਕਿ `ਸਮੁੰਦਰਨਾਮਾ` ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਨਵਾਂ ਵਾਧਾ ਹੈ।ਇਸ ਰਾਹੀਂ ਪੰਜਾਬੀ ਸਾਹਿਤ ਵਿਚ ਨਵੇਂ ਸਿਰਜਣਾਤਮਕ ਅਨੁਭਵ ਪੈਦਾ ਹੋਏ ਹਨ।
ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ,ਗੁਰੂ ਨਾਨਕ ਦੇਵ ਯੂਨੀਵਰਸਿਟੀ) ਵਿਸ਼ੇਸ਼ ਮਹਿਮਾਨ ਤੇ ਡਾ. ਡੀ.ਆਰ ਭੱਟੀ (ਆਈ.ਪੀ.ਐਸ ਸੇਵਾਮੁਕਤ ਡੀ.ਜੀ.ਪੀ ਪੰਜਾਬ ਪੁਲਿਸ) ਪ੍ਰਧਾਨ, ਡਾ. ਲਾਭ ਸਿੰਘ ਖੀਵਾ (ਸਾਬਕਾ ਡੀਨ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ) ਮੁੱਖ ਵਕਤਾ ਤੇ ਜਸਪਾਲ ਮਾਨਖੇੜਾ (ਪ੍ਰਸਿੱਧ ਪੰਜਾਬੀ ਲੇਖਕ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਸਮਾਗਮ ਦੇ ਕੋਆਰਡੀਨੇਟਰ ਤੇ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕਰਦਿਆਂ ਕਿਹਾ ਕਿ ਪਰਮਜੀਤ ਮਾਨ ਦੀ ਇਹ ਪੁਸਤਕ ਵਾਰਤਕ ਦੀ ਵਿਧਾ ਰਾਹੀਂ ਸਮੁੰਦਰ ਨਾਲ ਸਬੰਧਤ ਅਨੁਭਵਾਂ ਨੂੰ ਪਹਿਲੀ ਵਾਰ ਪੰਜਾਬੀ ਪਾਠਕਾਂ ਦੇ ਸਨਮੁੱਖ ਪੇਸ਼ ਕਰਦੀ ਹੈ।ਇਹ ਪੁਸਤਕ ਮਿਸ਼ਰਤ ਵਿਧਾ ਵਾਲੀ ਰਚਨਾ ਹੈ, ਜਿਸ ਵਿੱਚ ਵੱਖ-ਵੱਖ ਸਭਿਆਚਾਰਾਂ ਦਾ ਸੰਵਾਦ ਪ੍ਰਸਤੁਤ ਕੀਤਾ ਗਿਆ ਹੈ।ਡਾ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਇਹ ਪੁਸਤਕ ਜੀਵਨ ਦੇ ਅਨੁਭਵਾਂ ਤੇ ਵਿਭਿੰਨ ਸੰਕਟਾਂ ਦੀ ਗਾਥਾ ਹੈ।ਪੰਜਾਬੀ ਸਾਹਿਤ ਜਗਤ ਵਿੱਚ ਇਸ ਪੁਸਤਕ ਦਾ ਪ੍ਰਵੇਸ਼ ਨਵੇਂ ਦਿਸਹੱਦਿਆਂ ਨੂੰ ਸਿਰਜ਼ਦਾ ਹੈ।ਸਮਾਗਮ ਦੇ ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਜਲ ਸੈਨਾ ਦੇ ਜੀਵਨ-ਅਨੁਭਵ ਨੂੰ ਪਰਮਜੀਤ ਮਾਨ ਨੇ ਆਪਣੀ ਸਿਰਜਣਾ ਰਾਹੀਂ ਪੇਸ਼ ਕੀਤਾ ਹੈ, ਜਿਸ ਵਿੱਚ ਸਮੁੰਦਰ ਦੀ ਵਿਸ਼ਾਲਤਾ, ਜੋਖ਼ਮਤਾ, ਚੰਚਲਤਾ ਅਤੇ ਵੰਨ-ਸੁਵੰਨਤਾ ਨੂੰ ਕਲਮਬੱਧ ਕੀਤਾ ਗਿਆ ਹੈ।ਜਸਪਾਲ ਮਾਨਖੇੜਾ ਨੇ ਕਿਹਾ ਕਿ ਇਹ ਰਚਨਾ ਤਿੰਨ ਪਾਸਾਰਾਂ ਨਾਲ ਸਬੰਧਤ ਹੈ, ਜਿਸ ਵਿੱਚ ਸਮੁੰਦਰਨਾਮਾ, ਸਫ਼ਰਨਾਮਾ ਤੇ ਜ਼ਿੰਦਗੀਨਾਮਾ ਦਾ ਸੁਮੇਲ ਹੈ।ਇਸ ਰਚਨਾ ਵਿੱਚ ਰਚਨਾਕਾਰ ਨੇ ਸਮੁੰਦਰੀ ਜੀਵਨ ਤੇ ਉਹਨਾਂ ਅਨੁਭਵਾਂ ਨੂੰ ਚਿਤਰਿਆ ਹੈ ਜੋ ਮਨੁੱਖੀ ਜੀਵਨ ਵਿੱਚ ਪਰਿਵਰਤਨਸ਼ੀਲਤਾ ਦਾ ਸਬੱਬ ਬਣਦੇ ਹਨ। ਪਰਮਜੀਤ ਮਾਨ ਨੇ ਇਸ ਸਮਾਗਮ ਵਿੱਚ ਆਪਣੇ ਜੀਵਨ, ਅਨੁਭਵ ਅਤੇ ਆਪਣੀ ਸਿਰਜਣ ਪ੍ਰਕਿਰਿਆ ਨੂੰ ਸਾਂਝਾ ਕੀਤਾ।ਡਾ. ਡੀ.ਆਰ ਭੱਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਭੂਗੋਲਿਕ, ਇਤਿਹਾਸਕ ਤੇ ਵੱਖ-ਵੱਖ ਸਭਿਆਚਾਰਾਂ ਤੋਂ ਜਾਣੂ ਕਰਵਾਉਂਦੀ ਹੈ ਤੇ ਉਨ੍ਹਾਂ ਨੂੰ ਸਾਕਾਰਾਤਮਕ ਊਰਜ਼ਾ ਪ੍ਰਦਾਨ ਕਰਦੀ ਹੈ।ਡਾ. ਚੰਦਨਪ੍ਰੀਤ ਨੇ `ਸਮੁੰਦਰਨਾਮਾ` ਪੁਸਤਕ `ਤੇ ਖੋਜ-ਪੱਤਰ ਪ੍ਰਸਤੁਤ ਕਰਦਿਆਂ ਇਸ ਦੇ ਵਿਸਿਆਂ ਨੂੰ ਉਭਾਰਿਆ ਤੇ ਕਿਹਾ ਕਿ ਇਹ ਪੁਸਤਕ ਬਸਤੀਵਾਦ ਦੇ ਵਿਰੋਧ ਦਾ ਪ੍ਰਵਚਨ ਸਿਰਜਦੀ ਹੈ।ਡਾ. ਮੇਘਾ ਸਲਵਾਨ ਨੇ ਇਸ ਸਮਾਗਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।ਉਨ੍ਹਾਂ ਨੇ ਇਸ ਪੁਸਤਕ ਨੂੰ ਕਲਾਸਿਕ ਰਚਨਾਵਾਂ ਦੇ ਸਮਾਨਾਂਤਰ ਮੰਨਿਆ।
ਸਮਾਗਮ ਦੇ ਅੰਤ `ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਕਿਹਾ ਕਿ ਜਿਥੇ ਇਹ ਪੁਸਤਕ ਇਤਿਹਾਸ, ਭੂਗੋਲ ਅਤੇ ਵੱਖ-ਵੱਖ ਸਭਿਆਚਾਰਾਂ ਦਾ ਪ੍ਰਦਰਸ਼ਨ ਕਰਦੀ ਹੈ, ਉਥੇ ਇਹ ਮਨੁੱਖ ਦੀ ਸੰਵੇਦਨਾ ਦਾ ਪ੍ਰਗਟਾਵਾ ਵੀ ਕਰਦੀ ਹੈ।ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਵੀ ਕੀਤਾ।
ਇਸ ਮੌਕੇ ਡਾ. ਦਲਬੀਰ ਸਿੰਘ, ਡਾ. ਸਰਬਜਿੰਦਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਵਿਸ਼ਾਲ, ਅਰਤਿੰੰਦਰ ਸੰਧੂ, ਡਾ਼ ਹਰਿੰਦਰ ਕੌਰ, ਡਾ. ਕੰਵਲਦੀਪ ਕੌਰ, ਡਾ. ਪਵਨ ਕੁਮਾਰ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਵਿਭਾਗ ਦੇ ਖੋਜ਼-ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …