ਹਰਭਜਨ ਸਿੰਘ ਈ.ਟੀ.ਓ ਨੂੰ ਗਨੀਵ ਕੌਰ ਮਜੀਠੀਆ ਦੀ ਮੰਗ ਨਾਲ ਹੋਣਾ ਪਿਆ ਸਹਿਮਤ
ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਇਆ ਮਜੀਠਾ ਤੇ ਫਤਿਹਗੜ੍ਹ ਚੂੜੀਆਂ ਹੋ ਕੇ ਡੇਰਾ ਬਾਬਾ ਨਾਨਕ ਤੱਕ ਦੋ ਅਹਿਮ ਧਾਰਮਿਕ ਅਸਥਾਨਾਂ ਨੂੰ ਜੋੜਦੀ ਸੜਕ ਅਤੇ ਮਜੀਠਾ ਹਲਕੇ ਵਿੱਚ ਮਜੀਠਾ-ਕੱਥੂਨੰਗਲ-ਬੋਪਾਰਾਏ ਸੜਕ ’ਤੇ ਪੈਂਦੇ ਅਜੈਬਵਾਲੀ ਡਰੇਨ ਪੁੱਲ ਦੀ ਖਸਤਾ ਹਾਲਾਤ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਉਹਨਾਂ ਕਿਹਾ ਕਿ ਦੇਸ਼ਾਂ ਵਿਦਸ਼ਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀ ਸੰਗਤ ਸ੍ਰੀ ਅੰਮ੍ਰਿਤਸਰ ਤੋਂ ਵਾਇਆ ਮਜੀਠਾ ਤੇ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਤੱਕ ਜਾਂਦੀ ਜਿਲ੍ਹਾ ਸੜਕ ਰਾਹੀਂ ਪਹੁੰੰਚਦੀ ਹੈ।ਉਹਨਾਂ ਦੱਸਿਆ ਕਿ ਇਸ ਸੜਕ ਦੀ ਮੁਰੰਮਤ 2013 ਵਿਚ ਹੋਈ ਸੀ।ਉਸ ਵੇਲੇ ਦੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਜਿਥੇ ਸੜਕ ਨੂੰ ਚੌੜਾ ਕਰ ਕੇ ਦੁੱਗਣੀ ਕੀਤੀ ਸੀ ਤੇ ਇਸ ਨੂੰ ਵਧੀਆ ਤਰੀਕੇ ਨਾਲ ਬਣਾਇਆ ਸੀ। ਉਹਨਾਂ ਕਿਹਾ ਕਿ ਦੁਬਾਰਾ 2018 ਵਿੱਚ ਇਸ ਦੀ ਮੁਰੰਮਤ ਕਰਨੀ ਬਣਦੀ ਸੀ, ਪਰ 10 ਸਾਲ ਬੀਤਣ ’ਤੇ ਵੀ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ।
ਬੀਬੀ ਮਜੀਠੀਆ ਨੇ ਕਿਹਾ ਕਿ ਸੜਕ ਦੀ ਹਾਲਾਤ ਇੰਨੀ ਮਾੜੀ ਹੈ ਕਿ ਇਸ ’ਤੇ ਜਾਣਾ ਵੀ ਸੰਭਵ ਹੀ ਨਹੀਂ ਹੈ ਅਤੇ ਰੋਜ਼ਾਨਾ ਹੀ ਸੜਕ ’ਤੇ ਵੱਡੇ ਹਾਦਸੇ ਵਾਪਰਦੇ ਹਨ।ਉਹਨਾਂ ਇਹ ਮਾਮਲਾ ਵਿਧਾਨ ਸਭਾ ਵਿੱਚ ਵੀ ਚੁੱਕਿਆ।ਉਹਨਾਂ ਦੱਸਿਆ ਕਿ ਇਸ ਸੜਕ ਤੋਂ ਗੁਜਰਨ ਵਾਲੀਆਂ ਸਕੂਲਾਂ ਬੱਸਾਂ ‘ਤੇ ਹੋਰ ਜਰੂਰੀ ਸਮਾਨ ਦੇ ਟਰੱਕ ਮਜੀਠਾ ਤੋਂ ਹਮਜ਼ਾ, ਅਠਵਾਲ ਤੇ ਤਲਵੰਡੀ ਖੁੰਮਣ ਤੋਂ ਹੁੰਦੇ ਹੋਏ 10 ਤੋਂ 12 ਕਿਲੋਮੀਟਰ ਦਾ ਗੇੜਾ ਪਾ ਕੇ ਮੁੜ ਰਾਹ ’ਤੇ ਪੈਂਦੇ ਹਨ ਜਿਸ ਕਾਰਨ ਲੋਕਾਂ ਨੁੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਲਟਾ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।ਉਹਨਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਉਹਨਾਂ ਦੇ ਮਜੀਠਾ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰੇ ਤੇ ਆਪਣੀ ਬਣਦੀ ਜਿੰਮੇਵਾਰੀ ਨਿਭਾਵੇ।
ਬੀਬਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਉਨਾਂ ਦੇ ਸਵਾਲ ਦੇ ਜਵਾਬ ਵਿੱਚ ਪੀ.ਡਬਲਿਊ.ਡੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਹਿਲਾਂ ਤਾਂ ਟਾਲਮਟੋਲ ਦੀ ਨੀਤੀ ਅਪਣਾਈ, ਪਰ ਬਾਅਦ ਵਿੱਚ ਉਹਨਾਂ ਨੂੰ ਮੰਨਣਾ ਪਿਆ ਕਿ ਸੜਕ ਦੀ ਹਾਲਾਤ ਖਸਤਾ ਹੈ, ਉਸ ਨੂੰ ਤੁਰੰਤ ਮੁਰੰਮਤ ਦੀ ਲੋੜ ਹੈ।