Friday, December 12, 2025

ਸੜਕ ਹਾਦਸੇ ‘ਚ ਮਾਰੇ ਅਧਿਆਪਕਾਂ ਨੂੰ ਦਿੱਤੀ ਸ਼ਰਧਾਂਜਲੀ

ਸਮਰਾਲਾ 30 ਮਾਰਚ (ਇੰਦਰਜੀਤ ਸਿੰਘ ਕੰਗ) – ਬੀ.ਐਡ. ਫਰੰਟ ਸਮਰਾਲਾ ਦੀ ਜਰੂਰੀ ਇਕੱਤਰਤਾ ਜਥੇਬੰਦੀ ਦੇ ਪ੍ਰਧਾਨ ਹਰਮਨਦੀਪ ਸਿੰਘ ਮੰਡ ਦੀ ਅਗਵਾਈ ਹੇਠ ਹੋਈ।ਮੀਟਿੰਗ ਵਿੱਚ ਫਿਰੋਜਪੁਰ ਨੇੜੇ ਹੋਏ ਸੜਕ ਹਾਦਸੇ ਵਿੱਚ ਮਾਰੇ ਗਏ ਅਧਿਆਪਕਾਂ ਅਤੇ ਕੈਬ ਡਰਾਇਵਰ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਇਸ ਉਪਰੰਤ ਪ੍ਰਧਾਨ ਹਰਮਨਦੀਪ ਸਿੰਘ ਮੰਡ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਨਵੀਆਂ ਨਿਯੁੱਕਤੀਆਂ ਮੌਕੇ ਜਾਣ ਬੁੱਝ ਕੇ ਅਧਿਆਪਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਨ ਦੂਰ ਦੂਰ ਦੇ ਸਟੇਸ਼ਨਾਂ ਉਪਰ ਨਿਯੁੱਕਤ ਕੀਤਾ ਜਾਂਦਾ ਹੈ।ਜਿਸ ਕਾਰਨ ਅਧਿਆਪਕਾਂ ਨੂੰ ਸਮੇਂ ਸਿਰ ਡਿਊਟੀ ‘ਤੇ ਪਹੁੰਚਣ ਲਈ ਲੰਬਾ ਸਫਰ ਤਹਿ ਕਰਨਾ ਪੈਂਦਾ ਹੈ, ਜਿਸ ਸਦਕਾ ਮਾੜੀ ਕਿਸਮਤ ਨਾਲ ਅਜਿਹੇ ਜਾਨਲੇਵਾ ਹਾਦਸੇ ਵਾਪਰ ਜਾਂਦੇ ਹਨ। ਜਲਾਲਾਬਾਦ ਤੋਂ ਲੈ ਕੇ ਤਰਨਤਾਰਨ ਡਿਊਟੀ ਉਪਰ ਤਾਇਨਾਤ ਅਧਿਆਪਕ ਪੰਜਾਬ ਦੇ ਦੂਸਰੇ ਕੋਨੇ ਤੋਂ ਡਿਊਟੀ ਕਰਨ ਲਈ ਸਰਕਾਰ ਵਲੋਂ ਮਜ਼ਬੂਰ ਕੀਤੇ ਜਾ ਰਹੇ ਸਨ।ਉਨ੍ਹਾਂ ਕਿਹਾ ਕਿ ਇਹ ਸਿੱਖਿਆ ਨੀਤੀ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬਣਾਈ ਸੀ, ਪ੍ਰੰਤੂ ਅੱਜ ਦੀ ਮੌਜ਼ੂਦਾ ਸਰਕਾਰ ਵੀ ਅਜਿਹੀਆਂ ਅਧਿਆਪਕ ਮਾਰੂ ਨੀਤੀਆਂ ਅਜੇ ਤੱਕ ਉਸੇ ਤਰ੍ਹਾਂ ਲਾਗੂ ਕਰਕੇ ਅਧਿਆਪਕਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਦੂਰ ਦੁਰਾਡੇ ਕੀਤੀਆਂ ਜਾਂਦੀਆਂ ਨਿਯੁੱਕਤੀਆਂ ਵਾਲੀ ਨੀਤੀ ਤਿਆਗ ਕੇ ਉਨ੍ਹਾਂ ਨੂੰ ਘਰ ਦੇ ਨਜਦੀਕ ਹੀ ਸਟੇਸ਼ਨ ਦਿੱਤੇ ਜਾਣ ।
ਇਕੱਤਰਤਾ ਵਿੱਚ ਹਾਜ਼ਰ ਅਧਿਆਪਕਾਂ ਵਲੋਂ ਵੀ ਮੰਗ ਕੀਤੀ ਗਈ ਕਿ ਆਪਣੇ ਘਰਾਂ ਤੋਂ ਦੂਰ-ਦੂਰ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਘਰਾਂ ਦੇ ਨਜਦੀਕ ਬਦਲਿਆ ਜਾਵੇ ਅਤੇ ਨਵੇਂ ਵਿੱਦਿਅਕ ਸੈਸ਼ਨ ਦੇ ਸ਼ੁਰੂ ਵਿੱਚ ਹੀ ਅਧਿਆਪਕਾਂ ਦੀਆਂ ਆਮ ਬਦਲੀਆਂ, ਬਿਨਾਂ ਕਿਸੇ ਪੱਖਪਾਤ ਤੋਂ ਕੀਤੀਆਂ ਜਾਣ।

Check Also

ਯੂਨੀਵਰਸਿਟੀ ਦੇ ਪ੍ਰੋ. ਸੁਨੀਲ ਕੁਮਾਰ ‘ਰਾਸ਼ਟਰੀ ਸਿੱਖਿਆ ਰਤਨ ਸਨਮਾਨ’ ਨਾਲ ਸਨਮਾਨਿਤ

ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਮੁਖੀ …