Wednesday, June 18, 2025
Breaking News

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਵਿਸ਼ਵ ਸਿਹਤ ਦਿਵਸ’ ’ਤੇ ਕਰਵਾਇਆ ਸੈਮੀਨਾਰ

ਫ਼ਿੱਕੀ ਫ਼ਲੋ ਵਲੋਂ ਸਮਾਜਿਕ ਜਾਗਰੂਕਤਾ ਤੇ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜ਼ ਸ਼ਲਾਘਾਯੋਗ – ਛੀਨਾ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਫ਼ਿੱਕੀ ਫ਼ਲੋ’ ਦੇ ਸਹਿਯੋਗ ਨਾਲ ਅੱਜ ‘ਵਿਸ਼ਵ ਸਿਹਤ ਦਿਵਸ’ ’ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਫ਼ਿੱਕੀ ਫਲੋ ਦੀ ਚੇਅਰਪਰਸਨ ਹਿਮਾਨੀ ਅਰੋੜਾ, ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ, ਫ਼ੋਰਟਿਸ ਹਸਪਤਾਲ ਗਾਇਨਾਕੋਲੋਜਿਸਟ ਡਾ. ਰੁਚਿਕਾ, ਇਨਟਰਨਲ ਮੈਡੀਸਨ ਡਾ. ਵਰੁਣ ਪੁਸ਼ਕਰਨਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ।
ਡਾ. ਅਮਨਪ੍ਰੀਤ ਕੌਰ ਆਏ ਮਹਿਮਾਨਾਂ ਨੂੰ ਪੌਦਾ ਭੇਟ ਕਰਕੇ ਸਵਾਗਤ ਕਰਨ ਉਪਰੰਤ ਸੰਬੋਧਨ ਕਰਦਿਆਂ ਆਨ. ਸਕੱਤਰ ਛੀਨਾ, ਚੇਅਰਪਰਸਨ ਅਰੋੜਾ ਅਤੇ ਹੋਰਨਾਂ ਦਾ ਸੈਮੀਨਾਰ ’ਚ ਸ਼ਿਰਕਤ ਕਰਨ ’ਤੇ ਧੰਨਵਾਦ ਕੀਤਾ ਅਤੇ ਸਿਹਤ ਦੀ ਸਹੀ ਸਾਂਭ ਸੰਭਾਲ, ਨਿਯਮਿਤ ਤੌਰ ’ਤੇ ਤੰਦਰੁਸਤ ਰਹਿਣ ਲਈ ਸੁਝਾਅ ਸਾਂਝੇ ਕੀਤੇ।ਉਨ੍ਹਾਂ ਨੇ ਵਿਸ਼ਵ ਸਿਹਤ ਦਿਵਸ ਦਾ ਮਹੱਤਵ ਦੱਸਦੇ ਹੋਏ ਇਸ ਦੇ ਮੁੱਖ ਵਿਸ਼ੇ ‘ਹੈਲਥ ਫ਼ਾਰ ਆਲ’ ’ਤੇ ਵੀ ਚਾਨਣਾ ਪਾਇਆ।
ਸ: ਛੀਨਾ ਨੇ ਫ਼ਿੱਕੀ ਫਲੋ ਦੀ ਚੇਅਰਪਰਸਨ ਹਿਮਾਨੀ ਅਰੋੜਾ, ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਪੀ.ਐਸ ਗਰੋਵਰ, ਡਾ. ਅਮਨਪ੍ਰੀਤ ਕੌਰ ਦੇ ਸਾਂਝੇ ਯਤਨਾਂ ਨਾਲ ਉਲੀਕੇ ਉਕਤ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਹੁਣਯੋਗ ਕਿ ਫ਼ਿੱਕੀ ਫ਼ਲੋ ਸਮਾਜਿਕ ਜਾਗਰੂਕਤਾ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜ਼ਾਂ ’ਚ ਵੀ ਨਿੱਜੀ ਦਿਲਚਸਪੀ ਲੈ ਕੇ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ।ਉਨਾਂ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਲਗਾਏ ਚੈਕਅੱਪ ਕੈਂਪ ’ਚ ਆਪਣੀ ਸਰੀਰਿਕ ਜਾਂਚ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਈ ਵਾਰੀ ਇਨਸਾਨ ਇਹ ਕਹਿ ਕੇ ਪੱਲ੍ਹਾ ਝਾੜ ਲੈਂਦਾ ਹੈ ਕਿ ਸਾਨੂੰ ਕੋਈ ਬਿਮਾਰੀ ਨਹੀਂ, ਪਰ ਇਹ ਨਹੀਂ ਕਿ ਬਿਮਾਰੀ ’ਤੇ ਹੀ ਸਰੀਰਿਕ ਜਾਂਚ ਕਰਵਾਈ ਜਾਵੇ।
ਇਸ ਤੋਂ ਪਹਿਲਾਂ ਚੇਅਰਪਰਸਨ ਅਰੋੜਾ ਨੇ ਛੀਨਾ, ਡਾ. ਗਰੋਵਰ, ਡਾ. ਅਮਨਪ੍ਰੀਤ ਕੌਰ ਦਾ ਪ੍ਰੋਗਰਾਮ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਦਾ ਮਕਸਦ ਸਮਾਜ ’ਚ ਲੋਕਾਂ ਨੂੰ ਸਮੇਂ ਨਾਲ ਜੋੜਣ ਤੋਂ ਇਲਾਵਾ ਲੋਕ ਭਲਾਈ ਦੇ ਕੰਮਾਂ ਨੂੰ ਪਹਿਲਕਦਮੀ ਨਾਲ ਕਰਵਾਉਣਾ ਹੈ।ਇਸ ਲਈ ਅੱਜ ਸਿਹਤ ਸਬੰਧੀ ਜਾਣੂ ਕਰਵਾਉਣ ਲਈ ਉਕਤ ਉਪਰਾਲਾ ਕੀਤਾ ਗਿਆ ਹੈ।
ਇਸ ਉਪਰੰਤ ਡਾ. ਰੁਚਿਕਾ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਅਸੀ ਸਿਹਤਮੰਦ ਹਾਂ ਤਾਂ ਕੈਂਸਰ ਦਾ ਚੈਕਅੱਪ ਕਰਵਾਉਣਾ ਲਾਜ਼ਮੀ ਨਹੀਂ, ਸਗੋਂ ਚੰਗੀ ਸਿਹਤ ਅਤੇ ਤੰਦਰੁਸਤ ਰਹਿਣ ਲਈ ਹਰੇਕ ਮਨੁੱਖ ਆਪਣੀ ਸਮੇਂ-ਸਮੇਂ ’ਤੇ ਆਪਣੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕੈਂਸਰ ਜੋ ਕਿ ਬਹੁਤ ਹੀ ਖਤਰਨਾਕ ਤੇ ਭਿਆਨਕ ਬਿਮਾਰੀ ਹੈ, ਇਸ ’ਤੇ ਸਮੇਂ ਰਹਿੰਦਿਆਂ ਕਾਬੂ ਕੀਤਾ ਜਾ ਸਕਦਾ ਹੈ, ਬਸ਼ਰਤੇ ਕਿ ਇਸ ਦੇ ਲੱਛਣਾਂ ਅਤੇ ਇਹ ਬਿਮਾਰੀ ਹੋਣ ’ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਸਹੀ ਅਤੇ ਉਚਿਤ ਢੰਗ ਨਾਲ ਅਪਨਾ ਕੇ ਮਨੁੱਖ ਇਸ ਤੋਂ ਨਿਜ਼ਾਤ ਪਾ ਸਕਦਾ ਹੈ।ਅਜੋਕੇ ਸਮੇਂ ’ਚ ਕੈਂਸਰ ਇਕ ਮਾਰੂ ਬਿਮਾਰੀ ਵਜੋਂ ਉਭਰ ਰਹੀ ਹੈ, ਜਿਸ ਦਾ ਕਾਰਨ ਇਨਸਾਨ ਦੁਆਰਾ ਪ੍ਰੋਟੀਨ ਭਰਪੂਰ ਅਤੇ ਸ਼ੁੱਧ ਤੇ ਸਾਫ਼ ਸੁੱਥਰਾ ਭੋਜਨ ਨਾ ਲੈਣਾ ਹੈ।
ਡਾ. ਪੁਸ਼ਕਰਨਾ ਨੇ ਕਿਹਾ ਕਿ ਸਾਨੂੰ ਮਾਨਸਿਕ ਤਣਾਅ ਤੋਂ ਦੂਰ ਰਹਿਣ ਲਈ ਸਮੇਂ ’ਤੇ ਸੋਣਾ, ਤੰਦਰੁਸਤ ਭੋਜਨ ਅਤੇ ਕਸਰਤ ਨੂੰ ਨਿੱਤ ਦੀ ਰੁਟੀਨ ਬਣਾਉਣਾ ਬਹੁਤ ਜ਼ਰੂਰੀ ਹੈ।
ਡਾ. ਅਮਨਪ੍ਰੀਤ ਕੌਰ ਨੇ ਆਏ ਮਹਿਮਾਨਾਂ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਿਹਤ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਿਹਤ ਦਿਵਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਲਈ ਹੈਲਥ ਕੈਂਪ ਵੀ ਲਗਾਇਆ ਗਿਆ ਹੈ, ਜਿਸ ’ਚ ਮੁਫ਼ਤ ਬਲੱਡ ਟੈਸਟ ਕੀਤਾ ਗਿਆ ਅਤੇ 35 ਸਾਲ ਤੋਂ ਵਧੇਰੇ ਉਮਰ ਦੀਆਂ ਔਰਤਾਂ ਨੇ ਮੈਮੋਗ੍ਰਾਫ਼ੀ ਵੀ ਕਰਵਾਈ।
ਇਸ ਮੌਕੇ ਕਾਲਜ ਵਾਈਸ ਪ੍ਰਿੰਸੀਪਲ ਡਾ. ਨੀਲਮ ਹੰਸ, ਸਿਮਰਪ੍ਰੀਤ ਸੰਧੂ, ਮੀਤਾ ਮਹਿਰਾ, ਮੋਨਾ ਸਿੰਘ, ਰਿਧੁਮ ਤੁਲੀ, ਅੰਡਰ ਸੈਕਟਰੀ ਡੀ.ਐਸ ਰਟੌਲ ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

 

 

 

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …