Thursday, April 16, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰੈਸ, ਲੋਕ ਤੇ ਜਲ੍ਹਿਆਂਵਾਲਾ ਬਾਗ ਸਾਕਾ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਜਲ੍ਹਿਆਂਵਾਲਾ ਬਾਗ ਸਾਕੇ ਦੀ 104ਵੀਂ ਬਰਸੀ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਲ੍ਹਿਆਂਵਾਲਾ ਬਾਗ ਚੇਅਰ ਵਲੋਂ ਇੱਕ ਰਾਸ਼ਟਰੀ ਸੈਮੀਨਾਰ “ਪ੍ਰੈਸ, ਲੋਕ ਅਤੇ ਜਲ੍ਹਿਆਂਵਾਲਾ ਬਾਗ ਸਾਕਾ” ਕਰਵਾਇਆ ਗਿਆ।ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਏ ਗਏ ਇਸ ਸੈਮੀਨਾਰ ਦੇ ਉਦੇਸ਼ ਬਾਰੇ ਦੱਸਦਿਆਂ ਚੇਅਰਪਰਸਨ ਪ੍ਰੋ. ਅਮਨਦੀਪ ਬੱਲ ਨੇ ਜਲ੍ਹਿਆਂਵਾਲਾ ਬਾਗ ਚੇਅਰ ਅਤੇ ਇਤਿਹਾਸ ਵਿਭਾਗ ਵੱਲੋਂ ਸਮੇਂ ਸਮੇਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ।
ਅੰਬੇਦਕਰ ਯੂਨੀਵਰਸਿਟੀ ਤੋਂ ਮੁੱਖ ਬੁਲਾਰੇ ਪ੍ਰੋ. ਸਲਿਲ ਮਿਸ਼ਰਾ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਇੱਕ ਤਬਦੀਲੀ ਵਾਲੀ ਘਟਨਾ ਦੱਸਦਿਆਂ ਕਿਹਾ ਕਿ ਤਬਦੀਲੀ ਆਪਣੇ ਆਪ ਨੂੰ ਚਾਰ ਵੱਖ-ਵੱਖ ਸਥਾਨਕ, ਖੇਤਰੀ, ਰਾਸ਼ਟਰੀ ਅਤੇ ਵਿਸ਼ਵ ਪੱਧਰ `ਤੇ ਪ੍ਰਗਟ ਕਰਦੀ ਹੈ।ਅੰਮ੍ਰਿਤਸਰ ਸ਼ਹਿਰ ਇਕ ਪਵਿੱਤਰ ਧਾਰਮਿਕ ਸਥਾਨ ਦੇ ਨਾਲ ਨਾਲ ਸਾਮਰਾਜ ਵਿਰੋਧੀ ਘਟਨਾ ਵਾਲਾ ਸਥਾਨ ਵੀ ਬਣ ਗਿਆ ਸੀ।ਇਸ ਕਤਲੇਆਮ ਨੇ ਇੱਕ ਖਿੱਤੇ ਵਜੋਂ ਪੰਜਾਬ ਦਾ ਚਿਹਰਾ ਵੀ ਬਦਲ ਦਿੱਤਾ।ਬਸਤੀਵਾਦੀ ਰਾਜ ਕੇਂਦਰ ਅਤੇ ਇੱਕ ਗੈਰੀਸਨ ਰਾਜ ਹੋਣ ਦੇ ਨਾਤੇ, ਪੰਜਾਬ ਰਾਸ਼ਟਰਵਾਦੀ ਸੰਘਰਸ਼ ਦੇ ਮੁਖ ਕੇਂਦਰ ਵਜੋਂ ਉੱਭਰਿਆ।
ਜਵਾਹਰ ਲਾਲ ਨਹਿਰੂ, ਨਵੀ ਦਿੱਲੀ ਤੋਂ ਪ੍ਰੋ. ਹਰਜੀਤ ਸਿੰਘ ਗਿੱਲ, ਪ੍ਰੋਫੈਸਰ ਐਮਰੀਟਸ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਹਿੰਦੂ, ਮੁਸਲਿਮ ਅਤੇ ਸਿੱਖ ਏਕਤਾ ਦਾ ਪ੍ਰਤੀਕ ਹੈ।ਪ੍ਰੋਫ਼ੈਸਰ ਸਰਬਜੋਤ ਸਿੰਘ ਬਹਿਲ, ਡੀਨ ਅਕਾਦਮਿਕ ਮਾਮਲੇ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਆਪਣੀ ਕਵਿਤਾ “ਤੈਂ ਕੀ ਦਰਦ ਨਾ ਆਇਆ” ਪੇਸ਼ ਕੀਤੀ।ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਐਸ.ਐਸ ਸੋਹਲ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਆਇਰਿਸ਼ ਕਾਰਕ ਦੀ ਭੂਮਿਕਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਜਸਪਾਲ ਕੌਰ ਨੇ ਊਧਮ ਸਿੰਘ ਦੇ ਯੋਗਦਾਨ ਬਾਰੇ ਚਰਚਾ ਕੀਤੀ।ਪੰਜਾਬ ਯੂਨੀਵਰਸਿਟੀ ਤੋਂ ਪ੍ਰੋ. ਸੁਖਮਣੀ ਬਲ ਰਿਆੜ ਨੇ ਛੇਵੇਂ ਅਤੇ ਸਤਵੇਂ ਡਿਸਆਰਡਰਜ਼ ਇਨਕੁਆਰੀ ਕਮੇਟੀ ਦੀ ਰਿਪੋਰਟ ਬਾਰੇ ਦੱਸਿਆ।ਪ੍ਰੋ. ਪਰਮਿੰਦਰ ਸਿੰਘ (ਸੇਵਾਮੁਕਤ) ਅੰਗਰੇਜ਼ੀ ਵਿਭਾਗ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਕਿਹਾ ਕਿ ਮਾਰਚ ਅਤੇ ਅਪ੍ਰੈਲ 1919 ਏਕਤਾ ਦੇ ਪ੍ਰਤੀਕ ਹਨ।ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਤੇਜਾ ਸਿੰਘ ਸੁਤੰਤਰ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ 1947 ਵਿੱਚ ‘ਜਲ੍ਹਿਆਂਵਾਲਾ ਦੇ ਹੀਰੋ’ ਸੈਫੂਦੀਨ ਕਿਚਲੂ ਦੀ ਸੁਰੱਖਿਆ ਲਈ 40 ਗਾਰਡ ਭੇਜੇ ਸਨ।
ਇਸ ਮੌਕੇ ਪ੍ਰੋ. ਜੋਗਿੰਦਰ ਸਿੰਘ, ਡਾ. ਚਰਨਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਰਾਜ ਕੁਮਾਰ, ਡਾ. ਬਲਜੀਤ ਸਿੰਘ ਅਤੇ ਡਾ. ਦਿਲਬਾਗ ਸਿੰਘ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …