Thursday, July 30, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਮਿਸ਼ਰਤ ਅਨਾਜ਼ ਦੇ ਅੰਤਰਰਾਸ਼ਟਰੀ ਵਰ੍ਹੇ ਸਬੰਧੀ ਸੈਮੀਨਾਰ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ 24 ਪੀ. ਬੀ.ਬੀ.ਐਨ.ਐਨ.ਸੀ.ਸੀ ਯੂਨਿਟ ਵਲੋਂ ਮਿਸ਼ਰਤ ਅਨਾਜ਼ ਦਾ ਅੰਤਰਰਾਸ਼ਟਰੀ ਵਰ੍ਹਾ ਮਨਾਉਣ ਦੇ ਮਕਸਦ ਤਹਿਤ ਸੈਮੀਨਾਰ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਗਰੀਕਲਚਰ ਵਿਭਾਗ ਅਸਿਸਟੈਂਟ ਪ੍ਰੋ: ਦੀਕਸ਼ਾ ਮਹਾਜਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਸੰਬੋਧਨ ’ਚ ਕਿਹਾ ਕਿ ਮਿਸ਼ਰਤ ਅਨਾਜ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।ਸਾਨੂੰ ਆਪਣੀ ਸਿਹਤ ਨੂੰ ਤੰਦਰੁਸਤ ਤੇ ਰੋਗ ਰਹਿਤ ਰੱਖਣ ਲਈ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਦੋ ਅਨਾਜ ਕਣਕ ਤੇ ਚਾਵਲ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਮੱਕੀ, ਜਵਾਰ, ਬਾਜਰਾ, ਰਾਗੀ ਆਦਿ ਅਨਾਜ਼ਾਂ ਨੂੰ ਵੀ ਆਪਣੀ ਖੁਰਾਕ ’ਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਰੋਗਾਂ ਤੋਂ ਮੁਕਤ ਰਹਿ ਸਕੀਏ।ਉਨ੍ਹਾਂ ਕਿਹਾ ਕਿ ਜੰਕ ਫੂਡ ਦੀ ਵਰਤੋਂ ਦੀ ਬਜ਼ਾਏ ਸਾਨੂੰ ਮਿਸ਼ਰਤ ਅਨਾਜ ਦੀ ਵਰਤੋਂ ਕਰਨੀ ਚਾਹੀਦੀ ਹੈ।ਪ੍ਰੋਟੀਨ ਤੇ ਵਿਟਾਮਿਨ ਨਾਲ ਭਰਪੂਰ ਅਤੇ ਸਿਹਤਮੰਦ ਭੋਜਨ ਦੀ ਵਰਤੋਂ ਕਰਕੇ ਹੀ ਅਸੀਂ ਸ਼ੂਗਰ, ਕੈਂਸਰ, ਵੀਟ ਐਲਰਜ਼ੀ ਆਦਿ ਤੋਂ ਮੁਕਤ ਹੋ ਸਕਦੇ ਹਾਂ।
ਇਸ ਤੋਂ ਪਹਿਲਾਂ ਸੈਮੀਨਾਰ ਦੇ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਪੌਦਾ ਭੇਟ ਕਰ ਕੇ ਪ੍ਰੋ: ਮਹਾਜਨ ਦਾ ਸਵਾਗਤ ਕੀਤਾ।ਸੈਮੀਨਾਰ ’ਚ ਪ੍ਰੋ: ਮਹਾਜਨ ਨੇ ਅਨਾਜਾਂ ਦੀ ਮਹੱਤਤਾ ਦੱਸਦੇ ਹੋਏ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਵਿਟਾਮਿਨ, ਕਾਰਬੋਹਾਈਡਰੇਟ, ਪ੍ਰੋਟੀਨ ਆਦਿ ਦੀ ਮਾਤਰਾ ’ਤੇ ਵੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਮਨੁੱਖ ਆਪਣੀ ਪੌਸ਼ਟਿਕ ਰਹਿਤ ਖੁਰਾਕ ਕਾਰਨ ਹੀ ਸਿਹਤ ਪੱਖੋਂ ਰੋਗ ਗ੍ਰਸਤ ਹੋ ਰਿਹਾ ਹੈ ਅਤੇ ਦਵਾਈਆਂ ’ਤੇ ਨਿਰਭਰਤਾ ਵਧਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ।ਇਸ ਤੋਂ ਇਲਾਵਾ ਮਿਸ਼ਰਤ ਅਨਾਜ ਨੂੰ ਵਧਾਵਾ ਦੇਣ ਅਤੇ ਇਸ ਦੀ ਵਰਤੋਂ ਕਰਨ ਲਈ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਇਸ ਮੌਕੇ ਡਾ. ਜਸਵਿੰਦਰ ਸਿੰਘ, ਸਮੂਹ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ‘ਚ ਐਨ.ਸੀ.ਸੀ ਵਲੰਟੀਅਰ ਮੌਜ਼ੂਦ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …