ਸੰਗਰੂਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ `ਤੇ ਡੂੰਘੇ ਦੁੱਖ
ਦਾ ਪ੍ਰਗਟਾਵਾ ਕੀਤਾ ਹੈ।ਓਲੰਪੀਅਨ ਕੌਰ ਸਿੰਘ ਜੋ 74 ਵਰ੍ਹਿਆਂ ਦੇ ਸਨ, ਦਾ ਅੱਜ ਸਵੇਰੇ ਕੁਰਕਸ਼ੇਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਖੇਡ ਮੰਤਰੀ ਹੇਅਰ ਨੇ ਕੌਰ ਸਿੰਘ ਦੇ ਤੁਰ ਜਾਣ ਨੂੰ ਭਾਰਤੀ ਖੇਡ ਖੇਤਰ ਖ਼ਾਸ ਕਰ ਕੇ ਮੁੱਕੇਬਾਜ਼ੀ ਖੇਡ ਲਈ ਵੱਡਾ ਘਾਟਾ ਦੱਸਦਿਆਂ ਕਿਹਾ ਕਿ ਪਦਮ ਸ੍ਰੀ ਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਨੇ ਪੰਜਾਬ ਤੇ ਦੇਸ਼ ਦਾ ਨਾਮ ਕੌਮਾਂਤਰੀ ਮੰਚ ‘ਤੇ ਰੌਸ਼ਨ ਕੀਤਾ ਹੈ।ਕੌਰ ਸਿੰਘ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਕਿੰਗਜ਼ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ।1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।ਮੁਹੰਮਦ ਅਲੀ ਨਾਲ ਇਤਿਹਾਸਕ ਮੈਚ ਖੇਡਿਆ।ਭਾਰਤੀ ਸੈਨਾ ਤੇ ਪੰਜਾਬ ਪੁਲਿਸ ਵਿੱਚ ਲੰਬਾ ਸਮਾਂ ਸੇਵਾ ਕੀਤੀ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਿੱਦਿਅਕ ਸੈਸ਼ਨ ਤੋਂ ਇਸ ਮਾਣਮੱਤੇ ਮੁੱਕੇਬਾਜ਼ ਦੀ ਜੀਵਨੀ ਸਕੂਲੀ ਸਿਲੇਬਸ ਦਾ ਹਿੱਸਾ ਬਣਾਈ ਹੈ।ਮੀਤ ਹੇਅਰ ਨੇ ਕਿਹਾ ਕਿ ਕੌਰ ਸਿੰਘ ਦਾ ਸੰਘਰਸ਼ਮਈ ਜੀਵਨ ਅਤੇ ਖੇਡ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹਿਣਗੀਆਂ।
ਉਨਾਂ ਕਿਹਾ ਕਿ ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਉਠ ਕੇ ਕੌਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ ‘ਤੇ ਨਾਮਣਾ ਖੱਟਿਆ।ਖੇਡ ਮੰਤਰੀ ਨੇ ਮਹਾਨ ਮੁੱਕੇਬਾਜ਼ਨੂੰ ਸਿਜ਼ਦਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media