ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਚਲਾਈ ਜਾ ਰਹੀ ਅਕਾਲ ਅਕੈਡਮੀ ਦੇ ਸੰਸਥਾਪਕ ਵਿੱਦਿਆ ਮਾਰਤੰਡ,
ਸ਼੍ਰੋਮਣੀ ਪੰਥ ਰਤਨ, ਪਦਮ ਸ਼੍ਰੀ ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਹਿਮਾਚਲ ਪ੍ਰਦੇਸ਼ ਦੇ ਤਪ-ਅਸਥਾਨ ਗੁਰਦੁਆਰਾ ਬੜੂ ਸਾਹਿਬ ਵਿਖੇ 30 ਅਪ੍ਰੈਲ ਅਤੇ 1 ਮਈ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸੰਤ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀ ਗਿਆਨੀ ਗੁਰਦੇਵ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ, ਅਕਾਲ ਗੁਰਮਤਿ ਸੰਗੀਤ ਵਿਦਿਆਲਾ ਚੀਮਾ ਸਾਹਿਬ ਅਤੇ ਬੜੂ ਸਾਹਿਬ, ਅਨਹਦ ਬਾਣੀ ਤੰਤੀ ਸਾਜ਼ ਬੀਬੀਆਂ ਦਾ ਜਥਾ ਬੜੂ ਸਾਹਿਬ, ਅਕਾਲ ਅਕੈਡਮੀ ਬੜੂ ਸਾਹਿਬ ਦੇ ਬੱਚੇ, ਕਥਾ-ਵਾਚਕ, ਢਾਡੀ ਜਥੇ ਅਤੇ ਸੰਤ-ਮਹਾਂਪੁਰਖਾਂ ਨੇ ਆਪਣੀਆਂ ਹਾਜ਼ਰੀਆਂ ਲਗਵਾਈਆਂ।ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਸੰਚਾਰ ਦੁਆਰਾ ਗੁਰੂ ਦੇ ਲੜ ਵੀ ਲਾਇਆ ਗਿਆ।ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਤੇ ਸੰਤ ਤੇਜਾ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਗੁਰਮਤਿ ਮਾਰਗ `ਤੇ ਚੱਲਣ ਦੀ ਪ੍ਰੇਰਣਾ ਕਰਕੇ ਗੁਰੂ ਦੇ ਲੜ ਲਾਇਆ।ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਾਬਾ ਜੀ ਨੇ 129 ਅਕਾਲ ਅਕੈਡਮੀਆਂ, 2 ਯੂਨੀਵਰਸਿਟੀਆਂ, ਹਸਪਤਾਲ, ਨਸ਼ਾ-ਛੁਡਾਊ ਕੇਂਦਰ ਅਤੇ ਮਹਿਲਾ-ਸਸ਼ਕਤੀਕਰਨ ਲਹਿਰ ਦੁਆਰਾ ਉਤਰੀ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਅਨੇਕਾਂ ਪ੍ਰਾਣੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ‘ਚ ਮਦਦ ਕੀਤੀ।
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਵਲੋਂ ਇਸ “ਗੁਰਮਤਿ ਸਮਾਗਮ” ਵਿੱਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ, ਕਵੀਸ਼ਰਾਂ ਅਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media