ਅੰਮ੍ਰਿਤਸਰ, 1 ਮਈ (ਦੀਪ ਦਵਿੰਦਰ ਸਿੰਘ) – ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਪਹਿਲੀ ਮਈ ਨੂੰ ਦੁਨੀਆਂ ਭਰ ‘ਚ ਮਨਾਏ ਜਾਂਦੇ ਮਜ਼ਦੂਰ ਦਿਵਸ ‘ਤੇ ਸਥਾਨਕ
ਸਾਹਿਤਕਾਰਾਂ ਵਲੋਂ ਅੱਜ ਏਥੇ ਭਰਵੀਂ ਵਿਚਾਰ ਚਰਚਾ ਕੀਤੀ ਗਈ।
ਰਾਬਤਾ ਮੁਕਾਲਮਾਂ ਕਾਵਿ ਮੰਚ ਅਤੇ ਜਨਵਾਦੀ ਲੇਖਕ ਸੰਘ ਦੇ ਸਾਂਝੇ ਉਪਰਾਲੇ ਤਹਿਤ ਅਦਬੀ ਮਹਿਫਲ ਦਾ ਆਗਾਜ਼ ਕਰਦਿਆਂ ਸ਼ਾਇਰ ਮਲਵਿੰਦਰ ਨੇ ਅੱਜ ਦੇ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਬਾਬਾ ਨਜ਼ਮੀ ਦੇ ਸ਼ਿਅਰ ਕਿ “ਉਹਨਾਂ ਦਾ ਵੀ ਤੂੰ ਹੀ ਰੱਬ ਏਂ, ਇਸ ਗੱਲ ਦਾ ਜਵਾਬ ਤਾਂ ਦੇ, ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ” ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰ ਦੇ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਮਜ਼ਦੂਰ ਵਰਗ ਦੀ ਡਾਵਾਂਡੋਲ ਆਰਥਿਕਤਾ ਵੱਲ ਸਰਕਾਰਾਂ ਨੂੰ ਪਹਿਲ ਦੇ ਆਧਾਰ ‘ਤੇ ਧਿਆਨ ਦੇਣਾ ਚਾਹੀਦਾ ਹੈ।ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ, ਜਿਹਨਾਂ ਦੇਸ਼ ਤੇ ਦੁਨੀਆਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।ਡਾ. ਮੋਹਨ ਬੇਗੋਵਾਲ ਨੇ ਕਿਹਾ ਕਿ ਬੇਸ਼ੱਕ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ, ਪਰ ਹੇਠਲੀ ਪੱਧਰ ‘ਤੇ ਲਾਗੂ ਨਹੀਂ ਹੁੰਦੀਆਂ।ਮਨਮੋਹਨ ਸਿੰਘ ਬਾਸਰਕੇ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਸੱਤਾ ਹਾਸਿਲ ਕਰਨ ਲਈ ਤਾਂ ਇਸ ਵਰਗ ਨੂੰ ਵਰਤਦੀਆਂ ਹਨ।
ਡਾ. ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਂਗਟ ਅਤੇ ਤਰਸੇਮ ਲਾਲ ਬਾਵਾ ਨੇ ਕਿਹਾ ਕਿ ਪਰਿਵਾਰ ਦੀ ਰੋਜ਼ੀ ਰੋਟੀ ਲਈ ਜ਼ੋਖਮ ਭਰੀਆਂ ਥਾਵਾਂ ‘ਤੇ ਕੰਮ ਕਰਕੇ ਦਰ-ਗੁਜ਼ਰ ਕਰਨ ਵਾਲੇ ਇਹਨਾਂ ਲੋਕਾਂ ਦੇ ਹੁੰਦੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਦੀ ਜਰੂਰਤ ਹੈ।ਹਾਜ਼ਰ ਸ਼ਾਇਰਾਂ ਵਲੋਂ ਆਪਣੀਆਂ ਰਚਨਾਵਾਂ ਵੀ ਪੜ੍ਹੀਆਂ ਗਈਆਂ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media