Friday, May 30, 2025
Breaking News

ਖਨਾਲ ਖੁਰਦ ਦੇ ਸਰਕਾਰੀ ਸਕੂਲ ਦਾ ਨਾਮ ਸੂਬੇਦਾਰ ਕੌਰ ਸਿੰਘ ਦੇ ਨਾਂ `ਤੇ ਰੱਖਿਆ ਜਾਵੇਗਾ – ਵਿੱਤ ਮੰਤਰੀ ਚੀਮਾ

ਮਹਾਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ

ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਦੇਸ਼ ਦੇ ਮਹਾਨ ਮੁੱਕੇਬਾਜ਼ ਪਦਮ ਸ੍ਰੀ ਕੌਰ ਸਿੰਘ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਅੱਜ ਵੱਡੀ ਗਿਣਤੀ ‘ਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਪਿੰਡ ਖਨਾਲ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਵ. ਕੌਰ ਸਿੰਘ ਵਲੋਂ ਖੇਡਾਂ ਦੇ ਖੇਤਰ ਵਿੱਚ ਪਾਏ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਸ. ਕੌਰ ਸਿੰਘ ਦੀ ਜੀਵਨੀ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮਹਾਨ ਮੁੱਕੇਬਾਜ਼ ਦੀ ਦੇਣ ਨੂੰ ਸਿਜ਼ਦਾ ਕਰਦਿਆਂ ਪਿੰਡ ਖਨਾਲ ਖੁਰਦ ਦੇ ਸਰਕਾਰੀ ਸਕੂਲ ਦਾ ਨਾਮ ਸੂਬੇਦਾਰ ਕੌਰ ਸਿੰਘ ਦੇ ਨਾਂ `ਤੇ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਨਾਲ ਖੁਰਦ ਜਿਹੇ ਛੋਟੇ ਜਿਹੇ ਪਿੰਡ ਵਿੱਚੋਂ ਉਠ ਕੇ ਸ੍ਰੀ ਕੌਰ ਸਿੰਘ ਨੇ ਮੁੱਕੇਬਾਜ਼ੀ ਵਿੱਚ ਆਪਣਾ ਲੋਹਾ ਮੰਨਵਾਇਆ ਅਤੇ ਬੇਹੱਦ ਸੀਮਤ ਸਾਧਨਾਂ ਦੇ ਬਾਵਜ਼ੂਦ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸ਼ਾਨਦਾਰ ਜਿੱਤਾਂ ਦਰਜ਼ ਕਰਕੇ ਪੂਰੀ ਦੁਨੀਆਂ ਵਿੱਚ ਨਾਮਣਾ ਖੱਟਿਆ।ਕੈਬਨਿਟ ਮੰਤਰੀ ਨੇ ਕਿਹਾ ਕਿ ਪਦਮ ਸ੍ਰੀ ਕੌਰ ਸਿੰਘ ਦੀ ਇਸ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਲਾਹ ਨਾਲ ਪੰਜਾਬ ਸਰਕਾਰ ਵਲੋਂ ਛੇਤੀ ਹੀ ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਦੀ ਯਾਦ ਵਿੱਚ ਯਾਦਗਾਰ ਦੀ ਉਸਾਰੀ ਕੀਤੀ ਜਾਵੇਗੀ ਤਾਂ ਜੋ ਬੱਚੇ ਅਤੇ ਨੌਜਵਾਨ ਪੀੜ੍ਹੀ ਇਸ ਮਹਾਨ ਮੁੱਕੇਬਾਜ਼ ਦੇ ਜੀਵਨ ਤੋਂ ਸੇਧ ਲੈ ਸਕਣ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕੌਰ ਸਿੰਘ ਨੇ ਆਪਣਾ ਸਮੁੱਚਾ ਜੀਵਨ ਹੋਰਨਾਂ ਨੂੰ ਪ੍ਰੇਰਨਾ ਦੇਣ ਵਿੱਚ ਬਤੀਤ ਕੀਤਾ ਅਤੇ ਉਨ੍ਹਾਂ ਤੋਂ ਸੇਧ ਲੈ ਕੇ ਅੱਜ ਬਹੁ ਗਿਣਤੀ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰ ਰਹੇ ਹਨ।
ਉਨ੍ਹਾਂ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸ਼ੋਕ ਸੰਦੇਸ਼ ਭੇਜ ਕੇ ਪੀੜ੍ਹਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।ਜਿਲ੍ਹਾ ਪ੍ਰਸਾਸ਼ਨ ਦੀ ਤਰਫ਼ੋਂ ਉਪ ਮੰਡਲ ਮੈਜਿਸਟ੍ਰੇਟ ਦਿੜ੍ਹਬਾ ਰਾਜੇਸ਼ ਸ਼ਰਮਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ, ਏ.ਆਈ.ਜੀ ਗੁਰਮੀਤ ਸਿੰਘ, ਐਸ.ਐਸ.ਪੀ ਵਿਜੀਲੈਂਸ ਹਰਪਾਲ ਸਿੰਘ, ਰਿਟਾ: ਜੇ.ਐਸ ਚੀਮਾ, ਕੈਪਟਨ ਮਨਜੀਤ ਸਿੰਘ, ਪ੍ਰੇਮ ਸ਼ਰਮਾ, ਜਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਸਮੇਤ ਵੱਡੀ ਗਿਣਤੀ ‘ਚ ਖੇਡ ਅਤੇ ਸਮਾਜਿਕ ਸ਼ਖਸੀਅਤਾਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …