Tuesday, February 24, 2026

ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਸ਼ਹਿਰਵਾਸੀਆਂ ਲਈ ਹੋਵੇਗਾ ਵਰਦਾਨ – ਸੰਦੀਪ ਰਿਸ਼ੀ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮ. ਦੇ ਐਮ.ਡੀ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੰਦੀਪ ਰਿਸ਼ੀ ਨੇ ਸ਼ਹਿਰਵਾਸੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪੰਜਾਬ ਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਜਿਥੇ-ਜਿਥੇ ਨਹਿਰੀ ਪਾਣੀ ਉਪਲੱਬਧ ਕਰਵਾਇਆ ਜਾ ਸਕਦਾ ਹੈ, ਉਥੇ ਲੋਕਾਂ ਨੂੰ ਨਹਿਰ ਦਾ ਪਾਣੀ ਟ੍ਰੀਟਮੈਂਟ ਪਲਾਂਟ ਰਾਂਹੀ ਟ੍ਰੀਟ ਕਰਕੇ ਸ਼ੁੱਧ ਰੂਪ ਵਿੱਚ ਨਿਰਵਿਘਨ ਮੁਹੱਈਆ ਕਰਵਾਇਆ ਜਾਵੇ।ਇਹਨਾਂ ਸਾਰੇ ਪ੍ਰੋਜੈਕਟਾਂ ਲਈ ਵਰਲਡ ਬੈਂਕ ਵਲੋਂ ਕਰੋੜਾਂ ਰੁਪਏ ਦੇ ਕਰਜ਼ੇ ਰਿਆਇਤੀ ਦਰਾਂ ਤੇ ਦਿੱਤੇ ਜਾ ਰਹੇ ਹਨ, ਜਿਸ ਅਧੀਨ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਲਾਗੂ ਹੋਣ ਵਾਲੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਹੋਵੇਗੀ।ਅੰਮ੍ਰਿਤਸਰ ਸਮਾਰਟ ਸਿਟੀ ਅਤੇ ਵਰਲਡ ਬੈਂਕ ਫੰਡਿਗ ਅਧੀਨ ਇਸ ਪ੍ਰੋਜੈਕਟ ‘ਤੇ ਕੰਮ ਕਰਨ ਲਈ ਨਗਰ ਨਿਗਮ ਵਲੋਂ ਅੰਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਂਟ ਲਿਮ. ਦਾ ਗਠਨ ਕੀਤਾ ਗਿਆ ਹੈ।ਇਸ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਅੱਪਰਬਾਰੀ ਦੋਆਬ ਨਹਿਰ ਦੇ ਪਾਣੀ ਨੂੰ ‘ਵੱਲ੍ਹਾ’ ਵਿਖੇ ਲਗਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਰਾਹੀਂ ਟ੍ਰੀਟ ਕਰਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਬਣਾਈਆਂ ਗਈਆਂ ਓਵਰ ਹੈਂਡ ਸਟੋਰੇਜ਼ ਰੈਜ਼ਰਵਾਇਰ ਪਾਣੀ ਦੀਆਂ ਟੈਂਕੀਆਂ ਦਾ ਨਿਰਮਾਣ ਕਰਕੇ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਜਿਹਾ ਕਿ ਪਹਿਲੇ ਪੜਾਅ ਵਿੱਚ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਦੀਆਂ ਪ੍ਰਮੁੱਖ ਸੜ੍ਹਕਾਂ ਤੇ ਐਲ.ਐਂਡ.ਟੀ ਕੰਪਨੀ ਵਲੋਂ ਵੱਡੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ।ਘਰ-ਘਰ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਨਵੀਆਂ ਪਾਈਪਾਂ ਦਾ ਵੀ ਜਾਲ ਵਿਛਾਇਆ ਜਾਵੇਗਾ।ਹਰ ਘਰ ਨੂੰ ਪਾਣੀ ਦਾ ਕੁਨੈਕਸ਼ਨ ਮਿਲੇਗਾ।ਨਹਿਰੀ ਪਾਣੀ ਦੀ ਸਪਲਾਈ ਦਾ ਇਹ ਪ੍ਰੋਜੈਕਟ ਸ਼ਹਿਰਵਾਸੀਆਂ ਲਈ ਇਕ ਵਰਦਾਨ ਸਾਬਿਤ ਹੋਵੇਗਾ।ਅੱਜ ਦੇ ਦੌਰ ਵਿੱਚ ਘਰ-ਘਰ ਪਾਣੀ ਦੀਆਂ ਮੋਟਰਾਂ, ਸਬਮਰਸੀਬਲ ਪੰਪ ਲਗਾ ਕੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਵੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਅਤੇ ਫਿਲਟਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਵਰਤੋਂ ਹੋ ਰਹੀ ਹੈ।ਜਿਸ ਨਾਲ ਸ਼ਹਿਰ ਵਾਸੀਆਂ ਨੂੰ ਜਿਥੇ ਭਾਰੀ ਭਰਕਮ ਬਿਜਲੀ ਦਾ ਬਿੱਲ ਆਉਂਦਾ ਹੈ, ਉਥੇ ਸਾਰੇ ਸਾਜ਼ੋ ਸਮਾਨ ਲਗਾਉਣ ਅਤੇ ਮੁਰੰਮਤ ਆਦਿ ‘ਤੇ ਭਾਰੀ ਖ਼ਰਚਾ ਕਰਨਾ ਪੈਂਦਾ ਹੈ, ਪਰ ਇਸ ਪ੍ਰੋਜੈਕਟ ਦੇ ਲੱਗਣ ਨਾਲ ਹਰ ਘਰ ਵਿਚ ਸ਼ੁੱਧ ਪੀਣ ਵਾਲਾ ਪਾਣੀ ਹਰ ਵੇਲੇ ਮੁਹੱਈਆ ਹੋਵੇਗਾ ਤਾਂ ਇਹਨਾਂ ਸਾਰੇ ਖਰਚਿਆਂ ਤੋਂ ਨਿਜ਼ਾਤ ਹਾਸਲ ਹੋਵੇਗੀ ਅਤੇ ਪੀਣ ਵਾਲੇ ਗੰਦਲੇ ਤੇ ਸੀਵਰੇਜ਼ ਦੇ ਪਾਣੀ ਨਾਲ ਮਿਕਸ ਹੋ ਕੇ ਆਉਣ ਦੀਆਂ ਸਾਰੀਆਂ ਸਮੱਸਿਆਵਾਂ ਦਾ ਵੀ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …