ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਜਦੋਂ ਕਿਸੇ ਮਰੀਜ਼ ਨੂੰ ਬਿਨ੍ਹਾਂ ਕਿਸੇ ਸਵਾਰਥ ਤੇ ਮਿਹਨਤ ਨਾਲ ਇਲਾਜ਼ ਕਰ ਕੇ ਤੰਦਰੁਸਤ ਕਰੋਗੇ ਤਾਂ ਉਸ
ਦੇ ਜੁਬਾਨ ’ਚੋਂ ਨਿਕਲੀ ਦੁਆ ਸਿੱਧੀ ਪ੍ਰਮਾਤਮਾ ਤੱਕ ਪਹੁੰਚਦੀ ਹੈ।ਇਸ ਲਈ ਨਰਸਿੰਗ ਦਾ ਕਿੱਤਾ ਬਹੁਤ ਪਵਿੱਤਰ ਅਤੇ ਮਹਾਨ ਹੈ।ਇਹ ਉਹ ਕਿੱਤਾ ਹੈ ‘ਨਾਲੇ ਪੁੰਨ ਤੇ ਨਾਲੇ ਫ਼ਲੀਆਂ’।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਇੰਟਰਨੈਸ਼ਨਲ ਨਰਸਿਸ ਡੇਅ-2023’ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਕੀਤਾ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਦਾ ਅਗਾਜ਼ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰ ਕੇ ਕੀਤਾ ਗਿਆ, ਉਪਰੰਤ ਛੀਨਾ ਨੇ ਡਾ. ਅਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਸ੍ਰੀਮਤੀ ਨੀਲਮ ਹੰਸ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕੀਤੀ।
ਛੀਨਾ ਨੇ ਭਾਈ ਘਨ੍ਹੱਈਆ ਦੁਆਰਾ ਜੰਗਾਂ ਦੌਰਾਨ ਸੇਵਾ ਭਾਵਨਾ ਦੀ ਮੰਸ਼ਾ ਨਾਲ ਹਰੇਕ ਜਖ਼ਮੀ ਸਿਪਾਹੀਆਂ ਨੂੰ ਪਾਣੀ ਪਿਲਾਉਣ ਅਤੇ ਕੀਤੀ ਗਈ ਮਲ੍ਹਮ-ਪੱਟੀ ਸਬੰਧੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਸਮਾਜ ’ਚ ਆਪਣੀ ਅਲੱਗ ਪਹਿਚਾਣ ਬਣਾਉਣੀ ਹੈ ਤਾਂ ਹਮੇਸ਼ਾਂ ਹੱਟ ਕੇ ਕਾਰਜ਼ ਕਰਨਾ ਚਾਹੀਦਾ ਹੈ ਅਤੇ ਨਰਸਿੰਗ ਕਿੱਤਾ ਵੀ ਇਸੇ ਦਾ ਇਕ ਰੂਪ ਹੈ, ਜਿਸ ’ਚ ਬਿਨ੍ਹਾਂ ਕਿਸੇ ਲਾਲਚ ਅਤੇ ਭੇਦਭਾਵ ਦੇ ਬਿਮਾਰ ਰੋਗੀ ਦਾ ਉਪਚਾਰ ਕਰੋਗੇ ਤਾਂ ਜਿਥੇ ਦੁਨੀਆ ’ਚ ਇਕ ਵੱਖਰੀ ਪਛਾਣ ਬਣੇਗੀ, ਉਥੇ ਉਸ ਦੀ ਅਸੀਸ ਪ੍ਰਮਾਤਮਾ ਤੱਕ ਜਾਂਦੀ ਹੈ।
ਛੀਨਾ ਨੇ ਕਿਹਾ ਕਿ ‘ਨਰਸਿੰਗ ਦਿਵਸ’ ਵਜੋਂ ਮਨਾਉਣ ਲਈ ਇਸ ਲਈ ਚੁਣਿਆ ਗਿਆ, ਕਿਉਂਕਿ ਇਹ ਦਿਨ ਆਧੁਨਿਕ ਨਰਸਿੰਗ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਦੀ ਵਰ੍ਹੇਗੰਢ ਨੂੰ ਸਮਰਪਿਤ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਡਾਕਟਰਾਂ ਦੇ ਨਾਲ-ਨਾਲ ਨਰਸਾਂ ਦੀਆਂ ਮੈਡੀਕਲ ਸੰਸਥਾਵਾਂ ’ਚ ਅਹਿਮ ਭੂਮਿਕਾ ਹੁੰਦੀ ਹੈ, ਜਿਨ੍ਹਾਂ ਦਾ ਮਰੀਜ਼ਾਂ ਦੀ ਭਲਾਈ, ਸੁਰੱਖਿਆ ਅਤੇ ਰਿਕਵਰੀ ਲਈ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਰਸਾਂ ਬਿਮਾਰਾਂ, ਜ਼ਖਮੀਆਂ ਅਤੇ ਉਮੀਦ ਛੱਡ ਚੁੱਕੇ ਮਰੀਜ਼ਾਂ ਦੀ ਅਣਥੱੱਕ ਦੇਖਭਾਲ ਕਰ ਕੇ ਨਵਾਂ ਜੀਵਨ ਲਿਆਉਣ ’ਚ ਮਦਦਗਾਰ ਹੁੰਦੀਆਂ ਹਨ।
ਇਸ ਤੋਂ ਪਹਿਲਾਂ ਡਾ. ਅਮਨਪ੍ਰੀਤ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਛੀਨਾ ਦਾ ਸੈਮੀਨਾਰ ’ਚ ਪੁੱਜਣ ਲਈ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ’ਚ ਨਰਸਿੰਗ ਡੇਅ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ, ਜੋ ਕਿ ਸੁਚਾਰੂ ਸੋਚ ਪੈਦਾ ਕਰਦੀਆਂ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਨੂੰ ਸੇਵਾ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਚਾਰਟ ਮੇਕਿੰਗ, ਰੰਗੋਲੀ, ਕਵਿਤਾ, ਗੀਤ, ਮਾਡਲਿੰਗ ਆਦਿ ਵੱਖ ਵੱਖ ਮੁਕਾਬਲੇ ’ਚ ਹਿੱਸਾ ਲਿਆ ਅਤੇ ਹੈਂਡ ਵਾਸ਼ਿੰਗ ਡਾਂਸ ਦੀ ਪੇਸ਼ਕਾਰੀ ਦਿੱਤੀ।ਇਸ ਤੋਂ ਇਲਾਵਾ ਕਾਲਜ ਦੀ ਅਸਿਸਟੈਂਟ ਪ੍ਰੋਫੈਸਰ ਅਲੀਨਾ ਕੁਮਾਰੀ ਨੇ ਨਰਸਿੰਗ ਦਿਵਸ ਥੀਮ ’ਤੇ ਲੈਕਚਰ ਦੇ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਡਾ. ਅਮਨਪ੍ਰੀਤ ਕੌਰ ਨੇ ਛੀਨਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਯਸ਼ਪ੍ਰੀਤ ਕੌਰ, ਅਵਨੀਤ ਕੌਰ, ਹਰਅੰਮ੍ਰਿਤ ਸਿੰਘ, ਹਰਲੀਨ ਕੌਰ, ਕਵਲਜੀਤ ਕੌਰ, ਰਵਨੀਤ ਕੌਰ, ਵਰਿੰਦਰ ਕੌਰ, ਰੁਪਿੰਦਰ ਕੌਰ, ਵੰਦਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।
Check Also
ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …
Punjab Post Daily Online Newspaper & Print Media