Wednesday, February 25, 2026

ਲੂ ਤੋਂ ਬਚਣ ਲਈ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ -ਸਿਵਲ ਸਰਜਨ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ) – ਲਗਾਤਾਰ ਵਧ ਰਹੇ ਤਾਪਮਾਨ ਅਤੇ ਗਰਮ ਖ਼ੁਸ਼ਕ ਹਵਾਵਾਂ ਕਾਰਨ ਪੂਰੇ ਉਤਰੀ ਭਾਰਤ ਵਿੱਚ ਲੂ ਚੱਲ ਰਹੀ ਹੈ, ਜੋ ਕਿ ਅਗਲੇ ਕੁੱਝ ਦਿਨਾਂ ਤੱਕ ਬਣੀ ਰਹਿ ਸਕਦੀ ਹੈ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਗਰਮ ਲੂ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਪਾਣੀ, ਨਿੰਬੂ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ ਅਤੇ ਕੋਲਡ ਡਰਿੰਕ ਬਿਲਕੁੱਲ ਨਹੀਂ ਪੀਣੇ ਚਾਹੀਦੇ।ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਤਿੱਖੀ ਧੁੱਪ ਤੋਂ ਬਚਣ ਲਈ ਦੁਪਹਿਰ ਵੇਲੇ ਘਰ ਤੋ ਬਾਹਰ ਘੱਟ ਤੋ ਘੱਟ ਨਿਕਲਿਆ ਜਾਵੇ।ਜੇਕਰ ਦੁਪਹਿਰ ਵੇਲੇ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਜਾਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਕੁੱਝ ਸਮਾਂ ਠੰਡੀ ਥਾਂ ਜਿਵੇਂ ਕਿ ਰੁੱਖ ਹੇਠਾਂ ਜਰੂਰ ਬੈਠਿਆ ਜਾਵੇ।ਗਰਮੀ ਦੇ ਦਿਨਾਂ ਦੌਰਾਨ ਹਮੇਸ਼ਾਂ ਹਲਕੇ ਰੰਗ ਦੇ ਕੱਪੜੇ ਪਾਏ ਜਾਣ।ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਇਸ ਲਈ ਗਰਮੀ ਦੇ ਦਿਨਾਂ ਵਿਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਗਰਮੀਆਂ ਦੌਰਾਨ ਲੂ ਲੱਗਣ ਨਾਲ ਸਰੀਰ ਤੇ ਪਿੱਤ, ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖ਼ੁਸ਼ਕ ਹੋਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਕਈ ਵਾਰੀ ਗਰਮੀ ਲੱਗਣ ਨਾਲ ਮਾਸਪੇਸ਼ੀਆਂ ਵਿੱਚ ਵੀ ਕਮਜ਼ੋਰੀ ਆ ਜਾਂਦੀ ਹੈ।ਜਿਸ ਨਾਲ ਵਿਅਕਤੀ ਥੋੜ੍ਹਾ ਜਿਹਾ ਕੰਮ ਕਰਨ ‘ਤੇ ਵੀ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰਦਾ ਹੈ।ਗਰਮੀ ਦੇ ਮੌਸਮ ਵਿੱਚ ਕੜਕਦੀ ਧੁੱਪ ਵਿੱਚ ਲੇਬਰ ਕਰ ਰਹੇ ਵਿਅਕਤੀਆਂ ਵਿੱਚ ਕਈ ਵਾਰੀ ਹੀਟ ਸਟਰੋਕ ਦੀ ਪ੍ਰੇਸ਼ਾਨੀ ਆਉਂਦੀ ਹੈ, ਜੋ ਕਿ ਜਾਨ ਲੇਵਾ ਵੀ ਹੋ ਸਕਦੀ ਹੈ।ਇਸ ਲਈ ਕੜਕਦੀ ਧੁੱਪ ‘ਚ ਤੁਰਨ ਫਿਰਨ ਤਂੋ ਗੁਰੇਜ਼ ਕੀਤਾ ਜਾਵੇ।

 

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …