Wednesday, March 11, 2026

ਏਡਿਡ ਮੈਨੇਜਮੈਂਟ ਫੈਡਰੇਸ਼ਨ ਨੇ ਪੋਰਟਲ ਸਬੰਧੀ ਵਾਪਸ ਲਏ ਫੈਸਲੇ ’ਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਨੋਟੀਫਿਕੇਸ਼ਨ ਜਲਦ ਜਾਰੀ ਕਰਨ ਦੀ ਕੀਤੀ ਮੰਗ

ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) – ਗੈਰ-ਸਰਕਾਰੀ ਏਡਿਡ ਕਾਲਜਿਜ਼ ਮੈਨੇਜਮੈਂਟ ਫੈਡਰੇਸ਼ਨ ਦੀ ਇਕ ਹੰਗਾਮੀ ਮੀਟਿੰਗ ਅੱਜ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਕਾਰਜ਼ਕਾਰਨੀ ਮੈਂਬਰਾਂ ਨੇ ਸਰਬਸੰਮਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਰਕਾਰ ਦਾ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ’ਚ ਦਾਖਲੇ ਸਬੰਧੀ ਕੇਂਦਰੀਕਿ੍ਰਤ ਦਾਖਲਾ ਪੋਰਟਲ ਸਬੰਧੀ ਫੈਸਲਾ ਵਾਪਸ ਲੈਣ ਲਈ ਧੰਨਵਾਦ ਕਰਦਿਆਂ ਸ਼ਲਾਘਾ ਕੀਤੀ।ਫ਼ੈਡਰੇਸ਼ਨ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਮੁੱਖ ਮੰਤਰੀ ਨੂੰ ਇਸ ਸਬੰਧੀ ਲੋੜੀਂਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਟੀਸ਼ਨਾਂ ਸੁਣਨ ਅਤੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਵਾਪਸ ਲੈਣ ਦਾ ਭਰੋਸਾ ਦੇਣ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੇ ਧੰਨਵਾਦੀ ਹਨ।
ਛੀਨਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬਾਰੇ ਸਬੰਧਿਤ ਵਿਭਾਗ ਨੂੰ ਨੋਟੀਫਿਕੇਸ਼ਨ ਦੇ ਰੂਪ ’ਚ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਮੀਟਿੰਗ ਦੌਰਾਨ ਉੱਚ ਵਿੱਦਿਅਕ ਅਦਾਰਿਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਵੀ ਕੀਤੀ ਗਈ।ਕਾਰਜਕਾਰਨੀ ਨੇ ਮੁੱਖ ਮੰਤਰੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੱਤਰ ਲਿਖ ਕੇ ਸੂਬੇ ਦੇ ਕਾਲਜਾਂ ਨੂੰ ਹੋਰ ਦਰਪੇਸ਼ ਮੁੱਦਿਆਂ ’ਤੇ ਵਿਚਾਰ ਚਰਚਾ ਕਰਨ ਲਈ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਮੰਗ ਦਾ ਵੀ ਫੈਸਲਾ ਲਿਆ।
ਇਸ ਮੌਕੇ ਕਾਰਜਕਾਰਨੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ 170 ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਅਗਲੇ ਮਹੀਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਦੌਰਾਨ ਕਾਰਜ਼ਕਾਰਨੀ ਮੈਂਬਰਾਂ ਨੇ ਬਕਾਇਆ ਗਰਾਂਟਾਂ, 75% ਗਰਾਂਟਾਂ ਅਧੀਨ ਭਰੀਆਂ ਸਾਰੀਆਂ ਸਹਾਇਤਾ ਪ੍ਰਾਪਤ ਅਸਾਮੀਆਂ ਨੂੰ 95% ਗਰਾਂਟਾਂ ’ਚ ਤਬਦੀਲ ਕਰਨ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ।
ਇਸ ਮੌਕੇ ਦੇਵਕੀ ਦੇਵੀ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਨੰਦ ਕੁਮਾਰ ਜੈਨ, ਫ਼ੈਡਰੇਸ਼ਨ ਦੇ ਮੀਤ ਪ੍ਰਧਾਨ ਰਮੇਸ਼ ਕੁਮਾਰ ਕੌੜਾ, ਤੇਜਿੰਦਰ ਕੌਰ ਧਾਲੀਵਾਲ, ਸਲਾਹਕਾਰ ਰਵਿੰਦਰ ਜੋਸ਼ੀ, ਪ੍ਰਿਸੀਪਲ ਡਾ. ਮਹਿਲ ਸਿੰਘ ਆਦਿ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …