ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ ਖੁਰਮਣੀਆਂ) – ਨੀਦਰਲੈਂਡ ਤੋਂ ਪ੍ਰਸਿੱਧ ਉਦਯੋਗਪਤੀ ਅਤੇ ਪ੍ਰ੍ਰੋਗਰਾਮਾ ਯੁਟੀਜ਼ੈਂਡਿੰਗ ਮੈਨੇਜਰਜ਼, ਨੀਦਰਲੈਂਡ ਤੋਂ ਸੀਨੀਅਰ
ਮਾਹਿਰ, ਮਿਸ਼ੇਲ ਵੈਸਟਰਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ, ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ (ਇਨਫਿਨਿਟੀ) ਦਾ ਦੌਰਾ ਕੀਤਾ।ਮਿਸ਼ੇਲ ਵੈਸਟਰਮੈਨ ਦੁਨੀਆ ਦੇ ਮੋਹਰੀ ਉਦਮੀਆਂ ਵਿਚੋਂ ਇੱਕ ਹੈ, ਜਿਨ੍ਹਾਂ ਦੀ ਨੀਦਰਲੈਂਡ ਵਿੱਚ ਬਹੁਤ ਸਾਰੀਆਂ ਕੰਪਨੀਆਂ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਹੈ।ਪਿੰਕ, ਐਲੀਫੈਂਟ, ਟਵਿਨਿੰਗ, ਡੀ.ਆਈ.ਐਚ ਇੰਟਰਨੈਸ਼ਨਲ, ਮੋਟੇਕ ਐਂਟਰਟੇਨਮੈਂਟ, ਮੋਟੇਕ ਮੈਡੀਕਲ ਮਿਸਟਰ ਵੈਸਟਰਮੈਨ ਆਦਿ ਕੰਪਨੀਆਂ ਉਨ੍ਹਾਂ ਵੱਲੋਂ ਸਥਾਪਿਤ ਕੀਤੀਆਂ ਗਈਆਂ ਸਨ।
ਯੂਨੀਵਰਸਿਟੀ ਇਨਕਿਊਬੇਸ਼ਨ ਸੈਂਟਰ ਦੇ ਦੌਰੇ ਦੌਰਾਨ, ਵੈਸਟਰਮੈਨ ਨੇ ਯੂਨੀਵਰਸਿਟੀ ਦੇ ਇਸ ਕੇਂਦਰ ਦੇ ਫੈਕਲਟੀ, ਕੌਂਸਲ ਅਤੇ ਕਲੱਬ ਮੈਂਬਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਦਯੋਗ ਸਥਾਪਤੀ ਦੇ ਮੁੱਢਲੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਉਭਰਦੇ ਉਦਮੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਇੱਕ ਸਫਲ ਉਦਯੋਗਪਤੀ ਬਣਨ ਲਈ ਕੁੱਝ ਰਣਨੀਤੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇੱਕ ਉਦਯੋਗਪਤੀ ਨੂੰ ਹਰ ਕਿਸਮ ਦੀਆਂ ਚੁਣੌਤੀਆਂ ਅਤੇ ਅਸਫਲਤਾਵਾਂ ਲਈ ਤਿਆਰ ਰਹਿਣਾ ਚਾਹੀਦਾ ਹੈ।ਇਸ ਇੰਟਰਐਕਟਿਵ ਸੈਸ਼ਨ ਦੌਰਾਨ, ਵਿਦਿਆਰਥੀਆਂ ਨੇ ਚੰਗੇ ਨੈਟਵਰਕਿੰਗ ਹੁਨਰ ਅਤੇ ਫੰਡ ਪੈਦਾ ਕਰਨ ਲਈ ਰਣਨੀਤੀਆਂ ਬਾਰੇ ਸਵਾਲ ਵੀ ਪੁੱਛੇ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੈਸਟਰਮੈਨ ਨੂੰ ਆਪਣੇ ਤਕਨੀਕੀ ਪ੍ਰੋਜੈਕਟ ਵੀ ਵਿਖਾਏ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਵਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ, ਪ੍ਰੋ. ਪ੍ਰਤਾਪ ਕੁਮਾਰ ਪਾਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਟਾਰਟ-ਅੱਪਸ ਲਈ ਇਸ ਕੇਂਦਰ ਨਾਲ ਜੁੜਨ ਦੀ ਦਿਲਚਸਪੀ ਵਧ ਰਹੀ ਹੈ।ਵੱਖ-ਵੱਖ ਪਿਛੋਕੜਾਂ ਦੇ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਜਾਂ ਕੰਮ ਕਰਨ ਵਾਲੇ ਪੇਸ਼ੇਵਰ ਸ਼ੁੱਧ ਖੇਤੀਬਾੜੀ, ਟੈਕਸਟਾਈਲ ਉਦਯੋਗ, ਬਾਇਓਟੈਕਨਾਲੋਜੀ, ਸਾਫਟਵੇਅਰ ਡਿਵੈਲਪਮੈਂਟ, ਫੂਡ ਟੈਕਨਾਲੋਜੀ ਅਤੇ ਇਲੈਕਟ੍ਰੋਨਿਕਸ ਉਤਪਾਦ ਵਿਕਾਸ ਆਦਿ ਨਾਲ ਸਬੰਧਤ ਚੰਗੇ ਪੱਧਰ ‘ਤੇ ਜਾਣਕਾਰੀ ਲੈਣ ਲਈ ਇਸ ਕੇਂਦਰ ਤੱਕ ਪਹੁੰਚ ਕਰ ਰਹੇ ਹਨ।ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਬਹੁਤ ਸਾਰੇ ਵਿਦਿਆਰਥੀ ਅਤੇ ਅਧਿਆਪਕ ਕੇਂਦਰ ਦਾ ਦੌਰਾ ਕਰਦੇ ਰਹਿੰਦੇ ਹਨ।ਇਸ ਕੇਂਦਰ ਦਾ ਉਦਮੀ ਹੁਨਰ ਵਿਕਾਸ, ਸਟਾਰਟਅੱਪ ਪਹਿਲਕਦਮੀਆਂ ਅਤੇ ਉਦਯੋਗ ਜੋੜਨ ਲਈ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ, ਸਟਾਰਟਅੱਪ ਪੰਜਾਬ, ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਸੀ.ਆਈ.ਆਈ.) ਨਾਲ ਰਾਬਤਾ ਕਾਰਜਸ਼ੀਲ ਹੈ।
ਮਿਸ਼ੇਲ ਵੈਸਟਰਮੈਨ ਨੇ ਯੂਨੀਵਰਸਿਟੀ ਦੇ ਇਸ ਕੇਂਦਰ ਵੱਲੋਂ ਕੀਤੇ ਜਾਂਦੇ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਇਨਕਿਊਬੇਸ਼ਨ ਸੈਂਟਰ ਨੇ ਬਹੁਤ ਘੱਟ ਸਮੇਂ ਵਿੱਚ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ। ਉਨਾਂ ਯਕੀਨ ਦਿਵਾਇਆ ਕਿ ਇਹ ਇਨਕਿਊਬੇਸ਼ਨ ਸੈਂਟਰ ਆਪਣੇ ਯਤਨਾ ਕਰਕੇ ਪੰਜਾਬ ਲਈ ਇੱਕ ਮਾਡਲ ਇਨਕਿਊਬੇਸ਼ਨ ਸੈਂਟਰ ਹੋਵੇਗਾ।
ਡਾ. ਪਾਤੀ ਨੇ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੈਨਿਓਰਸ਼ਿਪ ਐਂਡ ਇਨੋਵੇਸ਼ਨ (ਇਨਫਿਨਿਟੀ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਇਨਕਿਊਬੇਸ਼ਨ ਸੈਂਟਰ ਜੋ ਰਾਸ਼ਟਰੀ ਉਚਤਰ ਸਿੱਖਿਆ ਅਭਿਆਨ (ਰੂਸਾ 2.0) ਦੇ ਕੰਪੋਨੈਂਟ 4 ਦੇ ਤਹਿਤ ਵਿਕਸਤ ਕੀਤਾ ਗਿਆ ਹੈ।ਇਸ ਇਨਕਿਊਬੇਸ਼ਨ ਸੈਂਟਰ ਨੇ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਦੀ ਯੋਗ ਅਗਵਾਈ ਹੇਠ ਉੱਦਮਤਾ, ਸਟਾਰਟਅੱਪ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਨਵੀਨਤਾਵਾਂ ਦੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।
Punjab Post Daily Online Newspaper & Print Media