ਉਚ ਪੱਧਰੀ ਮੀਟਿੰਗ ‘ਚ ਲਿਆ ਗਿਆ ਫੈਸਲਾ
ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਅਜੌਏ ਸ਼ਰਮਾ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੈਂਸ ਰਾਹੀਂ ਪੰਜਾਬ
ਸਰਕਾਰ ਦੀ ਉਚ ਪੱਧਰੀ ਮੀਟਿੰਗ ਹੋਈ।ਜਿਸ ਵਿਚ ਕਮਿਸ਼ਨਰ ਪੀ.ਐਮ.ਆਈ.ਡੀ.ਸੀ ਈਸ਼ਾ ਕਾਲੀਆ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ, ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ.-ਕਮ-ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸਟੇਟ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ।ਮੀਟਿੰਗ ਵਿਚ ਸਰਕਾਰ ਦੀ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਰੋਕਥਾਮ ਅਧੀਨ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜ੍ਹਕਾਂ ਤੋਂ ਹਟਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ, ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਨ ਮੁਕਤ ਅਤੇ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਹੋ ਸਕੇ।ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਕਹਿਣ ‘ਤੇ ਕਮਿਸ਼ਨਰ ਪੁਲਿਸ ਨੌਨਿਹਾਲ ਸਿੰਘ ਨੇ ਭਰੋਸਾ ਦੁਆਇਆ ਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਇਹਨਾਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜ੍ਹਕਾਂ ਤੋਂ ਹਟਾਉਣ ਲਈ ਵਿਉਂਤਬੰਧੀ ਕਰਕੇ ਕਾਰਵਾਈ ਜਲਦ ਹੀ ਅਮਲ ਵਿਚ ਲਿਆਂਦੀ ਜਾਵੇਗੀ ਜਿਸ ਦਾ ਅਸਰ ਆਉਣ ਵਾਲੇ ਦਿਨਾਂ ‘ਚ ਮਿਲੇਗਾ।
ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਇਸ ਸਮੇਂ ਕੇਰਲਾ, ਕ੍ਰਾਂਤੀ ਅਤੇ ਵਿਕਰਮ ਕੰਪਨੀਆਂ ਦੇ 15 ਹਜ਼ਾਰ ਤੋਂ ਵੱਧ ਡੀਜ਼ਲ ਆਟੋ ਚੱਲ ਰਹੇ ਹਨ ਜੋਕਿ ਆਪਣੀ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਹਨ।ਉਹਨਾਂ ਕਿਹਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ “ਰਾਹੀ ਸਕੀਮ” ਤਹਿਤ ਇਹਨਾਂ ਡੀਜ਼ਲ ਆਟੋਆਂ ਨੂੰ ਨਵੀਂ ਅਤੇ ਆਧੁਨਿਕ ਤਕਨੀਕ ਦੇ ਈ-ਆਟੋ ਦੇ ਨਾਲ ਬਦਲਣ ਲਈ ਆਏ ਦਿਨ ਕੋਈ ਨਾ ਕੋਈ ਮੀਟਿੰਗਾਂ ਜਾਂ ਮੇਲੇ ਕਰਵਾ ਕੇ ਇਹ ਨਾਂ ਈ-ਆਟੋ ਲੈਣ ਵਾਸਤੇ ਸਰਕਾਰ ਵਲੋਂ 1.40 ਲੱਖ ਰੁਪਏ ਕੈਸ਼ ਸਬਸਿਡੀ ਸਮੇਤ ਸਕਰੈਪ ਚਾਰਜਿਜ਼ ਦਾ ਲਾਭ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਸਰਕਾਰੀ ਬੈਂਕਾਂ ਰਾਹੀਂ ਆਸਾਨ ਕਿਸ਼ਤਾਂ ‘ਤੇ ਕਰਜ਼ਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਭਲਾਈ ਸਕੀਮਾਂ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਪੁਰਾਣੇ ਡੀਜ਼ਲ ਆਟੋ ਸੜ੍ਹਕਾਂ ਤੋਂ ਹਟਾਉਣ ਦੀ ਕਾਰਵਾਈ ਨਾਲ ਇਹਨਾਂ 15 ਹਜਾਰ ਡੀਜ਼ਲ ਆਟੋਆਂ ਨੂੰ “ਰਾਹੀ ਸਕੀਮ ਅਧੀਨ” ਈ-ਆਟੋਆਂ ਨਾਲ ਬਦਲਿਆ ਜਾਵੇਗਾ ਪਰ ਇਸ ਨਾਲ ਕਿਸੇ ਦੇ ਰੁਜ਼ਗਾਰ ‘ਤੇ ਕੋਈ ਅਸਰ ਨਹੀਂ ਪਵੇਗਾ।
ਕਮਿਸ਼ਨਰ ਰਿਸ਼ੀ ਨੇ ਡੀਜ਼ਲ ਆਟੋ ਚਲਾਉਣ ਵਾਲੇ ਚਾਲਕਾਂ ਨੂੰ ਮੁੜ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਵਲੋਂ ਆਰੰਭੀ ਜਾਣ ਵਾਲੀ ਕਾਰਵਾਈ ਤੋਂ ਬਚਣ ਲਈ ਜਲਦ ਤੋਂ ਜਲਦ “ਰਾਹੀ ਸਕੀਮ” ਅਧੀਨ ਨਗਦ ਸਬਸਿਡੀਆਂ ਦਾ ਲਾਭ ਲੈਣ।
Punjab Post Daily Online Newspaper & Print Media