ਵਿਦੇਸ਼ਾਂ ਨੂੰ ਭੱਜ ਰਹੀ ਜਵਾਨੀ ਨੂੰ ਰੋਕਣ ਦੇ ਉਪਰਾਲੇ ਵਜੋਂ ਬਿਨਾਂ ਫੀਸ ਕਰਵਾਇਆ ਜਾ ਰਿਹਾ ਹੈ ਮੁਕਾਬਲਾ – ਗਰੇਵਾਲ
ਸਮਰਾਲਾ, 10 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਅਤੇ ਮੁੜ ਪੈਰਾਂ ਤੇ ਖੜ੍ਹਨ ਕਰਨ ਦੀ
ਮਨਸ਼ਾ, ਵਿਦੇਸ਼ਾਂ ਨੂੰ ਭੱਜੀ ਜਾ ਰਹੀ ਜਵਾਨੀ ਨੂੰ ਰੋਕਣ ਅਤੇ ਪੰਜਾਬ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਉਚ ਅਹੁੁੱਦਿਆਂ ‘ਤੇ ਬਿਠਾਉਣ ਦਾ ਸੁਪਨਾ ਪੂਰਾ ਕਰਨ ਲਈ ਸਮਰਾਲਾ ਹਲਕੇ ਵਿੱਚ ਪਹਿਲੀ ਵਾਰ ਇੱਕ ਨਿਵੇਕਲੀ ਕਿਸਮ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ।
ਤੇਜਿੰਦਰ ਸਿੰਘ ਗਰੇਵਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਬੱਚੇ ਉੱਚ ਅਹੁੱਦਿਆਂ ‘ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਤਿਆਰੀ ਲਈ ਸਿਲੇਬਸ ਤਿਆਰ ਕਰਕੇ ਵੱਖ ਵੱਖ ਉਮਰ ਵਰਗ ਦੇ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਜਾਗਰੂਕ ਕਰਨ ਦੀ ਮਨਸ਼ਾ ਹਿੱਤ ‘ਗਿਆਨ ਜਾਗਰੂਕਤਾ’ ਮੁਕਾਬਲਾ 30 ਜੁਲਾਈ ਦਿਨ ਐਤਵਾਰ ਸਮਰਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਮੁਕਾਬਲੇ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ।ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ।ਪਹਿਲੇ ਵਰਗ ਵਿੱਚ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਣਗੇ।ਦੂਸਰੇ ਵਰਗ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਅਤੇ ਤੀਸਰੇ ਵਰਗ ਵਿੱਚ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਣਗੇੇ।ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਵਟਸਐਪ ਨੰਬਰ 89479-000111 ਜਾਰੀ ਕਰ ਦਿੱਤਾ ਗਿਆ ਹੈ।ਜਿਸ ‘ਤੇ 25 ਜੁਲਾਈ ਤੱਕ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਿਲੇਬਸ ਅਤੇ ਮੁਕਾਬਲੇ ਸਬੰਧੀ ਸਾਰੀ ਜਾਣਕਾਰੀ ਇਸ ਨੰਬਰ ਉਪਰ ਹੀ ਉਪਲੱਬਧ ਕਰਵਾਈ ਜਾਵੇਗੀ।ਮੁਕਾਬਲੇ ਦੇ ਹਰੇਕ ਵਰਗ ਦੇ ਜੇਤੂ ਬੱਚੇ ਨੂੰ ਟੈਬ ਦਿੱਤੇ ਜਾਣਗੇ ਅਤੇ ਹਰੇਕ ਵਰਗ ਵਿੱਚ ਚਾਰ ਰਨਰਅੱਪ ਐਲਾਨੇ ਜਾਣਗੇ।ਜਿਨ੍ਹਾਂ ਨੂੰ 3100-3100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ ਸਮਰਾਲਾ ਕਰਨਗੇ।ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੁਕਾਬਲੇ ਸਾਲ ਵਿੱਚ ਦੋ ਵਾਰ ਕਰਵਾਏ ਜਾਇਆ ਕਰਨਗੇ ਅਤੇ ਇਸ ਮੁਕਾਬਲੇ ਵਿੱਚ ਵਿਦਿਆਰਥੀ ਸਮਰਾਲਾ ਹਲਕੇ ਤੋਂ ਬਿਨਾਂ ਪੰਜਾਬ ਵਿਚੋਂ ਕਿਸੇ ਇਲਾਕੇ ਤੋਂ ਵੀ ਭਾਗ ਲੈ ਸਕਦਾ ਹੈ।
Punjab Post Daily Online Newspaper & Print Media