ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਚਾਰ ਰੋਜ਼ਾ “ਕਿਵ ਸਚਿਆਰਾ ਹੋਈਐ” ਗੁਰਮਤਿ ਸਿਖਲਾਈ ਕੈਂਪ ਸ੍ਰੀ
ਫ਼ਤਹਿਗੜ੍ਹ ਸਾਹਿਬ ਸਰਹੰਦ ਵਿਖੇ ਲਗਾਇਆ ਗਿਆ।3 ਜੂਨ 2023 ਤੋਂ ਆਰੰਭ ਕੀਤਾ ਗਿਆ ਇਹ ਕੈਂਪ 6 ਜੂਨ 2023 ਤੱਕ ਚੱਲਿਆ।ਕੈਂਪ ਦੌਰਾਨ ਵਿਦਿਆਰਥੀਆਂ ਨੂੰ ਅੰਮ੍ਰਿਤ ਵੇਲੇ ਜਾਗਣ, ਨਿਤਨੇਮ ਕਰਨ, ਸ਼ਾਮ ਸੋ ਦਰੁ ਰਹਰਾਸਿ ਸਾਹਿਬ ਤੇ ਸੌਣ ਸਮੇਂ ਕੀਰਤਨ ਸੋਹਿਲਾ ਕਰਨ ਦੀ ਸਿਖਲਾਈ ਦਿੱਤੀ ਗਈ।ਦੀਵਾਨ ਦੇ 21 ਸਕੂਲਾਂ ਤੋਂ ਲਗਭਗ 150 ਵਿਦਿਆਰਥੀਆਂ ਅਤੇ 40 ਅਧਿਆਪਕ ਸਾਹਿਬਾਨ ਨੇ ਕੈਂਪ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੂੰ ਨਾਮਵਰ ਵਿਦਵਾਨਾਂ ਦੇ ਰੂਬਰੂ ਵੀ ਕਰਵਾਇਆ ਗਿਆ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪ੍ਰੋ. ਹਰੀ ਸਿੰਘ ਨੇ ਵਿਦਿਆਰਥੀਆਂ ਨੂੰ ਕੌਮ ਦੇ ਮਹਾਨ ਸ਼ਹੀਦਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਇਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਕੀਤੀ।ਪ੍ਰੋ. ਵਰਿਆਮ ਸਿੰਘ ਨੇ ਗੁਰਮਤਿ ਕੈਂਪ ਦੇ ਅਰਥ ਭਾਵ ਦੱਸੇ ਅਤੇ ਅਜਿਹੇ ਗੁਰਮਤਿ ਕੈਂਪਾਂ ਨੂੰ ਜੀਵਨ ਨੂੰ ਸਹੀ ਸੇਧ ਦੇਣ ਵਾਲੇ ਰਾਹ ਦਰਸਾਊ ਮਾਰਗ ਦੱਸਿਆ।ਡਾ. ਸੁਬੇਗ ਸਿੰਘ ਨੇ ਵਿਦਿਆਰਥੀਆਂ ਨੂੰ ਕੇਸਾਂ ਦੀ ਮਹੱਤਤਾ ਦੇ ਵਿਗਿਆਨਕ ਪੱਖ ਤੋਂ ਜਾਣੂ ਕਰਵਾਉਂਦਿਆਂ ਗੁਰੂ ਸਾਹਿਬ ਜੀ ਵਲੋਂ ਦਿੱਤੇ ਉਪਦੇਸ਼ `ਸਾਬਤ ਸੂਰਤ ਦਸਤਾਰ ਸਿਰਾ` ਦੀ ਸ਼ਲਾਘਾ ਕੀਤੀ।ਕੈਂਪ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਪ੍ਰੋ. ਹਰਦੇਵ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ) ਨੇ “ਕਿਵ ਸਚਿਆਰਾ ਹੋਈਐ” ਵਿਸ਼ੇ ‘ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਚਿਆਰ ਮਨੁੱਖ ਬਨਣ ਲਈ ਪ੍ਰੇਰਿਤ ਕੀਤਾ।`ਸਿੱਖ ਧਰਮ ਨੂੰ ਪੇਸ਼ ਆ ਰਹੀਆਂ ਚਣੌਤੀਆਂ ਅਤੇ ਹੱਲ` ਵਿਸ਼ੇ `ਤੇ ਗੁਰਮਤਿ ਪ੍ਰਸਾਰ ਟਰੇਨਿੰਗ ਇੰਸਟੀਚਿਊਟ ਮੰਡੀ ਖਰੜ ਦੇ ਵਾਇਸ ਪ੍ਰਿੰਸੀਪਲ ਹਰਵੀਰ ਸਿੰਘ ਨੇ ਗੱਲਬਾਤ ਕੀਤੀ।
ਦੂਜੇ ਸੈਸ਼ਨ ਵਿੱਚ ਪੰਜ ਖੰਡ ਅਧਿਆਤਮਕ ਪੰਜ ਪੜਾਅ ਵਿਸ਼ੇ ਉਪਰ ਵਿਚਾਰ ਕਰਦਿਆਂ ਭਾਈ ਜਸਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਜਪੁਜੀ ਸਾਹਿਬ ਅਨੁਸਾਰ ਜੀਵਨ ਦਾ ਸਹੀ ਭੇਤ ਸਮਝਾਇਆ।ਕੈਂਪ ਦੇ ਤੀਜੇ ਦਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਜੀ ਦੇ ਮੀਤ ਗ੍ਰੰਥੀ ਗਿਆਨੀ ਅਜਮੇਰ ਸਿੰਘ ਨੇ ਵਿਦਿਆਰਥੀਆਂ ਨੂੰ `ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ’ ਵਿਸ਼ੇ ਤੇ ਵਿਚਾਰ ਕਰਦਿਆਂ ਦੱਸਿਆ ਕਿ ਜੋ ਵੀ ਮਨੁੱਖ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਮੰਨਦਾ ਹੈ, ਉਸ ਲਈ ਅੰਮ੍ਰਿਤਪਾਨ ਕਰਨਾ ਗੁਰੂ ਜੀ ਦਾ ਪਹਿਲਾ ਹੁਕਮ ਹੈ।
ਇਸ ਕੈਂਪ ਦੌਰਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਜੀ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਆਗਿਆਕਾਰੀ ਰਹਿਣ ਦਾ ਵੱਲ ਸਮਝਾਇਆ। ਵਿਦਿਆਰਥੀਆਂ ਨੂੰ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਵਾਏ ਗਏ।ਭਾਈ ਟੋਡਰ ਮੱਲ ਦੀ ਹਵੇਲੀ ਦੀ ਯਾਤਰਾ ਸਮੇਂ ਉਨ੍ਹਾਂ ਦੀ ਮਹਾਨ ਕੁਰਬਾਨੀ ਤੋਂ ਜਾਣੂ ਕਰਵਾਇਆ ਗਿਆ।ਇਸ ਦੇ ਨਾਲ ਹੀ ਭਾਈ ਮੋਤੀ ਰਾਮ ਮਹਿਰਾ ਦੀ ਲਾਸਾਨੀ ਸੇਵਾ ਅਤੇ ਪਰਿਵਾਰ ਦੀ ਕੁਰਬਾਨੀ ਬਾਰੇ ਦੱਸਆ ਗਿਆ।ਕੈਂਪ ਦੌਰਾਨ ਵਿਦਿਆਰਥੀਆਂ ਤੋਂ ਸਾਹਿਬਜ਼ਾਦਿਆਂ ਦੇ ਜੀਵਨ ਤੇ ਇਤਿਹਾਸ ਸੰਬੰਧੀ ਇੱਕ ਇਮਤਿਹਾਨ ਵੀ ਲਿਆ ਗਿਆ।ਕੈਂਪ ਵਿੱਚ ਅਤੇ ਇਮਤਿਹਾਨ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਕੈਂਪ ਦੇ ਅੰਤ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਬੀਬੀ ਸੁਖਜੀਤ ਕੌਰ ਨੇ ਕੈਂਪ ਵਿੱਚ ਹਾਜ਼ਰ ਸਾਰੇ ਹੀ ਧਾਰਮਿਕ ਅਧਿਆਪਕ ਸਾਹਿਬਾਨ, ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦਾ ਉਹਨਾਂ ਦੇ ਸੁਚੱਜੇ ਸਹਿਯੋਗ ਲਈ ਧੰਨਵਾਦ ਕੀਤਾ ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media