ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ
ਅੰਮ੍ਰਿਤਸਰ, 12 ਜੁਨ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਜਨਰਲ ਸਕੱਤਰ ਰਾਣਾ
ਰਣਬੀਰ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਨਵਾਂ ਸਲੇਮਸ਼ਾਹ ਵਿਖੇ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਬੀਬੀਆਂ ਬੱਚਿਆਂ ਵਲੋਂ ਅਬਾਦ ਕੀਤੀਆਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਲੈਣ ਲਈ ਪਿੱਛਲੇ ਦਿਨਾਂ ਤੋਂ ਲਗਾਤਾਰ ਧਰਨਾ ਜਾਰੀ ਸੀ।ਅੱਜ ਤੜਕਸਾਰ ਪੁਲਿਸ ਪ੍ਰਸ਼ਾਸਨ ਵਲੋਂ ਧਰਨਾ ਦੇ ਰਹੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਬੱਚਿਆਂ ਤੇ ਲਾਠੀਚਾਰਜ ਕਰਕੇ ਜਿਲਾ ਪ੍ਰਧਾਨ ਸਮੇਤ 35-40 ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਧਰਨਾ ਉਖੇੜਿਆ ਗਿਆ।ਜਿਸ ਦੇ ਵਿਰੋਧ ਵਿੱਚ ਜੱਥੇਬੰਦੀ ਵਲੋਂ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਗਏ।
ਕਿਸਾਨ ਆਗੂਆਂ ਕਿਹਾ ਕਿ ਪਿਛਲੇ 70-75 ਸਾਲਾਂ ਤੋਂ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਵਲੋਂ ਆਪਣੀ ਸਖ਼ਤ ਮਿਹਨਤ ਨਾਲ 300 ਏਕੜ ਅਬਾਦ ਕੀਤੀ ਜ਼ਮੀਨ ਉਪਰ ਪੱਕੇ ਤੌਰ ‘ਤੇ ਕਾਬਜ਼ ਹਨ।ਉਸ ਜ਼ਮੀਨ ‘ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਮੌਜ਼ੂਦਾ ਸਰਕਾਰ ਦਾ ਵਿਧਾਇਕ ਸਵਨਾ ਦੇ ਭਰਾ ਦਾ ਬੁੱਢਾ ਗਿੱਲ ਗੈਂਗ ਰੇਤ ਮਾਫੀਏ ਦਾ ਧੱਕੇਸ਼ਾਹੀ ਨਾਲ ਕਬਜ਼ਾ ਕਰਵਾ ਦਿੱਤਾ ਗਿਆ।ਜਿਸ ਦੀ ਜਥੇਬੰਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ । ਕਿਸਾਨ ਆਗੂਆਂ ਕਿਹਾ ਕਿ ਜਿਹਨਾਂ ਚਿਰ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਤੇ ਬੀਬੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤੇ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਪੱਕੇ ਮਾਲਕੀ ਹੱਕ ਨਹੀਂ ਦਿੱਤੇ ਜਾਂਦੇ ਉਹਨਾਂ ਚਿਰ ਸਰਕਾਰ ਵਿਰੁਧ ਅੰਦੋਲਨ ਜਾਰੀ ਰਹੇਗਾ।ਕਿਸਾਨ ਆਗੂਆਂ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਖ਼ਤ ਐਕਸ਼ਨ ਲਿਆ ਜਾਵੇਗਾ।
Punjab Post Daily Online Newspaper & Print Media