ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਖ ਪ੍ਰਸ਼ਾਸ਼ਕ ਪੁਡਾ ਅੰਮ੍ਰਿਤਸਰ ਦੀਪ ਸ਼ਿਖਾ ਸ਼ਰਮਾ ਆਈ.ਏ.ਐਸ,
ਵਧੀਕ ਮੁੱਖ ਪ੍ਰਸ਼ਾਸ਼ਕ ਡਾ. ਰਜ਼ਤ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁੱਡਾ ਦੇ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਅਜਨਾਲਾ ਰੋਡ ‘ਤੇ ਪਿੰਡ ਹਰਸਾ ਛੀਨਾ (ਸੱਜੇ ਪਾਸੇ) ਟੀ.ਆਰ ਵਿਲਾ ਰਿਜ਼ੋਰਟ ਦੇ ਸਾਹਮਣੇ ਬਣ ਰਹੀ ਅਣ-ਅਧਿਕਾਰਤ ਕਲੋਨੀ ਅਤੇ ਇਸ ਇਲਾਕੇ ਦੇ ਆਸ ਪਾਸ ਹੋ ਰਹੀਆਂ ਅਣ-ਅਧਿਕਾਰਤ ਕਮਰਸ਼ੀਅਲ ਉਸਾਰੀਆਂ ਦਾ ਸਾਰਾ ਕੰਮ ਰੁਕਵਾ ਦਿੱਤਾ ਗਿਆ।ਇਸ ਤੋਂ ਇਲਾਵਾ ਜ਼ਿਲਾ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਨੇ ਦੱਸਿਆ ਕਿ ਇਨਾਂ ਕਲੋਨੀਆਂ ਦੇ ਮਾਲਕਾਂ ਨੂੰ ਕਈ ਵਾਰੀ ਕਲੋਨੀਆਂ ਰੈਗੂਲਰ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਪੁੱਡਾ ਲਈ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਚੱਲਣ ਲਈ ਕਿਹਾ ਗਿਆ ਸੀ, ਪਰ ਇਨ੍ਹਾਂ ਅਣ-ਅਧਿਕਾਰਤ ਕਲੋਨੀਆਂ ਦੇ ਮਾਲਕਾਂ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਿਸ ‘ਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੇ ਅਧੀਨ ਪਿਛਲੇ ਮਹੀਨੇ ਵੀ ਲਗਾਤਾਰ ਗ਼ੈਰਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਸੀ।
ਜਿਲਾ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 19 ਕਲੋਨੀਆਂ ਵਿਰੁੱਧ ਐਫ.ਆਈ.ਆਰ ਦਰਜ਼ ਕਰਨ ਲਈ ਐਸ.ਐਸ.ਪੀ ਦਿਹਾਤੀ ਅੰਮਿ੍ਰਤਸਰ ਨੂੰ ਲਿਖਿਆ ਜਾ ਚੁੱਕਾ ਹੈ ਅਤੇ ਹੁਣ ਤਕ 7 ਨਜਾਇਜ਼ ਕਲੋਨੀਆਂ ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਣ-ਅਧਿਕਾਰਤ ਕਲੋਨੀ ਕੱਟਣ ਵਾਲੇ ਵਿਅਕਤੀ ਵਿਰੁੱਧ 3 ਤੋਂ 7 ਸਾਲ ਦੀ ਕੈਦ ਅਤੇ 2 ਤੋਂ 5 ਲੱਖ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਅਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਮੌਜ਼ੂਦਾ ਸਰਕਾਰ ਵਲੋਂ ਇਸ ਤਰਾਂ ਦੇ ਕਾਰਜ਼ਾਂ ਲਈ ਅਤੇ ਗੈਰ ਕਨੂੰਨੀ ਕਲੋਨਾਈਜ਼ਰਾਂ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਪੁੱਡਾ ਵੱਲੋਂ ਅਣ-ਅਧਿਕਾਰਤ ਕਲੋਨੀਆਂ ਦੀ ਵਿਉਂਤਬੰਦੀ ਕਰਕੇ ਕਾਰਵਾਈ ਕੀਤੀ ਜਾਵੇਗੀ।ਟਾਊਨ ਪਲਾਨਰ ਨੇ ਲੋਕਾਂ ਨੂੰ ਕੀਤੀ ਅਪੀਲ।ਟਾਊਨ ਪਲਾਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਗੈਰਕਨੂੰਨੀ ਕਲੋਨੀਆਂ ਜੋ ਕਿ ਪੁੱਡਾ ਵਿਭਾਗ ਤੋਂ ਮਨਜ਼ੂਰਸ਼ੁਦਾ ਨਹੀਂ ਹਨ, ਵਿਚ ਪਲਾਟ ਨਾ ਲੈਣ ਤਾਂ ਜੋ ਉਨ੍ਹਾਂ ਦੇ ਧਨ ਮਾਲ ਦਾ ਨੁਕਸਾਨ ਨਾ ਹੋ ਸਕੇ ਅਤੇ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਨਾ ਬਣੇ ਅਤੇ ਉਹ ਕਿਸੇ ਵੀ ਕਲੋਨੀ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਐਨ.ਓ.ਸੀ ਦੀ ਮੰਗ ਜ਼ਰੂਰ ਕਰਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media