Wednesday, February 25, 2026

ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ 25 ਔਰਤਾਂ ਨੂੰ ਵੰਡੀਆਂ ਡਿਜ਼ੀਟਲ ਬਾਇਓਮੀਟ੍ਰਿਕ ਮਸ਼ੀਨਾਂ

ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਜ਼ਿਲ੍ਹੇ ਵਿੱਚ ਸਫ਼ਲਤਾ ਨਾਲ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਨਾਲ ਸਬੰਧਤ ਔਰਤਾਂ ਨੂੰ ਵਿੱਤੀ ਤੌਰ ’ਤੇ ਵਧੇਰੇ ਮਜ਼ਬੂਤ ਕਰਨ ਲਈ ਇੱਕ ਹੋਰ ਅਹਿਮ ਕਦਮ ਪੁੱਟਦਿਆਂ ਅੱਜ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ 25 ਔਰਤਾਂ ਨੂੰ ਬਾਇਓਮੀਟ੍ਰਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੈ ਸਹਾਇਤਾ ਸਮੂਹਾਂ ਦੀਆਂ ਇਨ੍ਹਾਂ ਸਰਗਰਮ ਮੈਂਬਰਾਂ ਨੂੰ ਮਸ਼ੀਨਾਂ ਦੀ ਵੰਡ ਕਰਦਿਆਂ ਕਾਰਜਕਾਰੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਲੋੜਵੰਦ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।ਕਾਰਜਕਾਰੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦਾ ਯੁੱਗ ਡਿਜ਼ੀਟਲ ਯੁੱਗ ਹੈ ਅਤੇ ਜੇਕਰ ਸਾਡੇ ਪਿੰਡਾਂ ਦੀਆਂ ਔਰਤਾਂ ਸਮੇਂ ਦਾ ਹਾਣੀ ਬਣਦੇ ਹੋਏ ਡਿਜ਼ੀਟਲ ਪ੍ਰਣਾਲੀ ਨੂੰ ਅਪਣਾਉਣ ਦੇ ਸਮਰੱਥ ਬਣਨਗੀਆਂ ਤਾਂ ਭਵਿੱਖ ਵਿੱਚ ਆਰਥਿਕ ਤੇ ਸਮਾਜਿਕ ਮਜ਼ਬੂਤੀ ਦੀਆਂ ਸੰਭਾਵਨਾਵਾਂ ਹੋਰ ਵੀ ਤੇਜ਼ੀ ਨਾਲ ਵਧਣਗੀਆਂ।
ਵਰਜੀਤ ਵਾਲੀਆ ਨੇ ਕਿਹਾ ਕਿ ਆਰ ਸੇਟੀ ਸੰਸਥਾ ਰਾਹੀਂ ਬਕਾਇਦਾ ਤੌਰ ’ਤੇ ਇਨ੍ਹਾਂ ਔਰਤਾਂ ਨੂੰ ਇਹ ਮਸ਼ੀਨਾਂ ਵਰਤਣ ਦੀ ਤਕਨੀਕੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਇਹ ਡਿਜੀ ਪੇਅ ਨਾਂ ਦੀ ਮੋਬਾਇਲ ਐਪਲੀਕੇਸ਼ਨ ਰਾਹੀਂ ਪਿੰਡਾਂ ਦੇ ਅਜਿਹੇ ਨਾਗਰਿਕਾਂ ਦੀ ਮਦਦ ਕਰਨ ਵਿੱਚ ਸਹਿਯੋਗ ਕਰ ਸਕਣ ਜਿਹੜੇ ਨਾਗਰਿਕ ਬਿਰਧ ਅਵਸਥਾ, ਅਪੰਗਤਾ, ਬਿਮਾਰੀ ਜਾਂ ਅਜਿਹੇ ਹੀ ਕਿਸੇ ਹੋਰ ਕਾਰਨ ਕਰਕੇ ਬੈਂਕਾਂ ਜਾਂ ਹੋਰ ਸਥਾਨਾਂ ’ਤੇ ਖੁਦ ਜਾ ਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਕਰਨ ਤੋਂ ਅਸਮਰੱਥ ਹਨ।ਵਰਜੀਤ ਵਾਲੀਆ ਨੇ ਦੱਸਿਆ ਕਿ ਬਾਇਓ ਮੀਟ੍ਰਿਕ ਮਸ਼ੀਨਾਂ ਰਾਹੀਂ ਇਹ ਔਰਤਾਂ ਬਿਜਲੀ ਬਿੱਲਾਂ ਦਾ ਭੁਗਤਾਨ, ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਜੋੜਨ, ਆਧਾਰ ਕਾਰਡ ਦੀ ਅਪਡੇਸ਼ਨ ਸਮੇਤ ਨਗਦੀ ਲੈਣ-ਦੇਣ ਸਬੰਧੀ ਹੋਰ ਕਾਰਜਾਂ ਨੂੰ ਕਰਨ ਵਿੱਚ ਸਮਰੱਥ ਬਣ ਗਈਆਂ ਹਨ ਅਤੇ ਲੋੜਵੰਦਾਂ ਨੂੰ ਇਸ ਮਸ਼ੀਨ ਰਾਹੀਂ ਸੇਵਾਵਾਂ ਪ੍ਰਦਾਨ ਕਰ ਸਕਣਗੀਆਂ।
ਇਸ ਮੌਕੇ ਜ਼ਿਲ੍ਹਾ ਮੈਨੇਜਰ ਸੀ.ਐਸ.ਸੀ ਗੌਰਵ ਕੁਮਾਰ, ਡੀ.ਪੀ.ਐਮ ਸੌਰਵ ਬਾਂਸਲ, ਡੀ.ਐਫ.ਐਮ ਅਮਨਦੀਪ ਸਿੰਘ ਤੇ ਜ਼ਿਲ੍ਹਾ ਲੇਖਾਕਾਰ ਰਜਿੰਦਰ ਕੁਮਾਰ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …