ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਡੇਅਰੀ ਫਾਰਮਰਾਂ ਲਈ ਵਰਮੀ ਕੰਪੋਸਟਿੰਗ ਖਾਦ ਰਾਹੀਂ ਪਸ਼ੂਆਂ ਦੇ ਗੋਹੇ ਦਾ ਪ੍ਰਬੰਧਨ ਬਾਰੇ ਜਾਗਰੂਕਤਾ
ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵਿਖੇ ਕੀਤਾ ਗਿਆ।ਡਾਇਰੈਕਟੋਰੇਟ ਆਫ ਇਨਵਾਇਰਨਮੈਂਟਲ ਐਂਡ ਕਲਾਈਮੇਟ ਚੇਂਜ, ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਤਹਿਤ ਵਰਕਸ਼ਾਪ ਦੌਰਾਨ ਵੱਖ-ਵੱਖ ਮਾਹਿਰਾਂ ਨੇ ਗਾਂ ਦੇ ਗੋਹੇ ਤੋਂ ਵਰਮੀ ਕੰਪੋਸਟ ਬਣਾਉਣ ਦੀਆਂ ਨਵੀਆਂ ਤਕਨੀਕਾਂ ਅਤੇ ਵੱਖ-ਵੱਖ ਕਿਸਮਾਂ ਦੇ ਠੋਸ ਰਹਿੰਦ-ਖੂੰਹਦ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਖੇਤੀਬਾੜੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ।ਸਮਾਗਮ ਦੇ ਕੋਆਰਡੀਨੇਟਰ ਡਾ. ਸਰੋਜ ਅਰੋੜਾ, ਪ੍ਰੋਫ਼ੈਸਰ, ਬੋਟੈਨੀਕਲ ਅਤੇ ਵਾਤਾਵਰਨ ਵਿਗਿਆਨ ਵਿਭਾਗ ਨੇ ਪਹੁੰਚੇ ਗੈਰ-ਸਰਕਾਰੀ ਸੰਗਠਨ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਕਿਸਾਨਾਂ, ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜ ਵਿਦਵਾਨਾਂ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਦੇ ਮੁਖੀ ਪ੍ਰੋ. ਜਤਿੰਦਰ ਕੌਰ ਨੇ ਉਦਘਾਟਨੀ ਭਾਸ਼ਣ ਦੌਰਾਨ ਵਿਸ਼ੇ ਬਾਰੇ ਵਿਸਥਾਰ ਵਿੱਚ ਦੱਸਿਆ।ਦੀਨ ਦਿਆਲ ਉਪਾਧਿਆ ਯੂਨੀਵਰਸਿਟੀ, ਗੋਰਖਪੁਰ, ਯੂ.ਪੀ ਤੋਂ ਪ੍ਰੋ. ਕੇਸ਼ਵ ਸਿੰਘ ਨੇ ਵਰਮੀ ਕੰਪੋਸਟਿੰਗ ਯੂਨਿਟ ਤਿਆਰ ਕਰਨ ਸਬੰਧੀ ਭਾਸ਼ਣ ਦਿੰਦਿਆਂ ਫਸਲਾਂ ਦੇ ਝਾੜ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਖੇਤੀ ਅਭਿਆਸਾਂ ਵਿੱਚ ਵਰਮੀਵਾਸ਼ ਦੇ ਲਾਭਾਂ ਨੂੰ ਉਜਾਗਰ ਕੀਤਾ।ਮਹਾਵੀਰ ਫਾਰਮ, ਫਿਲੌਰ ਤੋਂ ਵਰਮੀਕੰਪੋਸਿਟ ਦਾ ਕੰਮ ਕਰਨ ਵਾਲੇ ਮਨੀਸ਼ ਨੇ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਆਪਣੇ ਵਰਮੀ ਕੰਪੋਸਟ ਯੂਨਿਟ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਵਰਮੀ ਕੰਪੋਸਿਟ ਰਾਹੀਂ ਆਮਦਨ ਨੂੰ ਵਧਾਇਆ ਜਾ ਸਕਦਾ ਹੈ।ਤਰਸੇਮ ਸਿੰਘ, ਡੇਅਰੀ ਫਾਰਮਰ ਨੇ ਵਰਮੀ ਕੰਪੋਸਟ ਦੀ ਵਰਤੋਂ ਕਰਕੇ ਪੈਦਾ ਕੀਤੀਆਂ ਜੈਵਿਕ ਸਬਜ਼ੀਆਂ ਅਤੇ ਫਲ ਵੇਚ ਕੇ ਕੀਤੀ ਕਮਾਈ ਬਾਰੇ ਦੱਸਿਆ।
ਨਗਰ ਨਿਗਮ ਅੰਮ੍ਰਿਤਸਰ ਦੇ ਡਾ ਰਾਮਾ ਨੇ ਜੈਵਿਕ ਸਬਜ਼ੀਆਂ ਅਤੇ ਫਲਾਂ ਦੀ ਵਧਦੀ ਮੰਗ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਸੋਸੀਏਟ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਅਪਣਾਉਣ ਅਤੇ ਵਾਤਾਵਰਨ ਦੇ ਨਾਲ-ਨਾਲ ਭੋਜਨ ਨੂੰ ਹਾਨੀਕਾਰਕ ਰਸਾਇਣਾਂ ਤੋਂ ਮੁਕਤ ਬਣਾਉਣ ਲਈ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਰਿਆਂ ਨੇ ਬੋਟੈਨੀਕਲ ਗਾਰਡਨ ਵਿੱਚ ਵਰਮੀਕੰਪੋਸਟ ਯੂਨਿਟ ਦਾ ਦੌਰਾ ਕੀਤਾ ਅਤੇ ਵਰਮੀ ਕੰਪੋਸਟ ਬਣਾਉਣ ਲਈ ਵੱਖ-ਵੱਖ ਪੜਾਵਾਂ ਦੀ ਸਿਖਲਾਈ ਲਈ।ਉਨ੍ਹਾਂ ਕਿਸਾਨਾਂ ਨੂੰ ਰਸਾਇਣਕ ਖਾਦ ਦੀ ਵਰਤੋਂ ਛੱਡ ਕੇ ਹੌਲੀ-ਹੌਲੀ ਵਰਮੀ ਕੰਪੋਸਟ ਵੱਲ ਜਾਣ ਲਈ ਕਿਹਾ ਤਾਂ ਜੋ ਫ਼ਸਲਾਂ ਦਾ ਝਾੜ ਪ੍ਰਭਾਵਿਤ ਨਾ ਹੋਵੇ ਅਤੇ ਗੋਬਰ ਨੂੰ ਸੀਵਰੇਜ਼ ਵਿੱਚ ਪਾਉਣ ਤੋਂ ਗੁਰੇਜ਼ ਕੀਤਾ ਜਾਵੇ।
ਕਿਸਾਨ ਸਿਖਲਾਈ ਕੇਂਦਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਜਸਵਿੰਦਰ ਸਿੰਘ ਭਾਟੀਆ ਵੱਲੋਂ ਵਰਕਸ਼ਾਪ ਦੇ ਦੂਜੇ ਦਿਨ ਵਰਮੀ ਕੰਪੋਸਟ ਦੇ ਵਿਸਤ੍ਰਿਤ ਤਰੀਕਿਆਂ ਅਤੇ ਵੱਖ-ਵੱਖ ਫਸਲਾਂ ਵਿੱਚ ਇਸ ਦੀ ਵਰਤੋਂ ਬਾਰੇ ਦੱਸਿਆ। ਤਰਨਤਾਰਨ ਦੇ ਕਿਸਾਨ ਬਲਸੁਖਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੀ ਜਾਗਰੂਕਤਾ ਵਰਕਸ਼ਾਪ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਵਾਤਾਵਰਣ ਪੱਖੀ ਤਰੀਕਿਆਂ ਦੀ ਵਰਤੋਂ ਕਰਕੇ ਆਪਣੇ ਖੇਤੀ ਵਿੱਚ ਸੁਧਾਰ ਕਰ ਸਕਣ।ਡਾ. ਸੰਦੀਪ ਸਿੰਘ, ਸਹਾਇਕ ਪ੍ਰੋਫੈਸਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਨੇ ਈਕੋ-ਪ੍ਰੋਡਕਟ ਜਿਵੇਂ ਕਿ ਰੂੜੀ, ਸਾਬਣ, ਦੀਪ, ਧੂਪ ਅਤੇ ਗਾਂ ਦੇ ਗੋਹੇ ਤੋਂ ਬਣੀਆਂ ਧਾਰਮਿਕ ਮੂਰਤੀਆਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਵਾਤਾਵਰਣ ਦੇ ਖਤਰੇ ਨੂੰ ਘਟਾਉਣ ਅਤੇ ਵਾਤਾਵਰਣ ਦੇ ਪ੍ਰਬੰਧਨ ਵਿੱਚ ਵਰਮੀ ਕੰਪੋਸਟਿੰਗ ਦੀ ਭੂਮਿਕਾ `ਤੇ ਜ਼ੋਰ ਦਿੱਤਾ।ਜਗਮੋਹਨ ਸਿੰਘ, ਸਲਾਹਕਾਰ, ਲੋਕ ਕਲਿਆਣ ਸਮਿਤੀ (ਐਨ.ਜੀ.ਓ) ਅਤੇ ਵਰਮੀ ਕੰਪੋਸਟਿੰਗ ਦੇ ਇੱਕ ਮਾਸਟਰ ਟ੍ਰੇਨਰ ਨੇ ਮਿੱਟੀ ਅਤੇ ਪਾਣੀ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਜੈਵਿਕ ਖੇਤੀ ਅਤੇ ਵਰਮੀ ਕੰਪੋਸਟਿੰਗ ਦੀ ਮਹੱਤਤਾ ਵਰਤੋਂ ਬਾਰੇ ਦੱਸਿਆ।ਵਰਿੰਦਰ ਸੰਧੂ, ਕੰਪਿਊਟਰ ਇੰਜਨੀਅਰ, ਜੈਵਿਕ ਖੇਤੀ ਦੇ ਇੱਕ ਉਦਮੀ ਨੇ ਪੈਦਾ ਹੋਏ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੰਪੂਰਨ ਸਾਈਕਲਿੰਗ ਬਾਰੇ ਚਰਚਾ ਕੀਤੀ।
Punjab Post Daily Online Newspaper & Print Media