Tuesday, July 7, 2026

ਟਰੱਸਟ ਚੇਅਰਮੈਨ ਤਲਵਾਰ ਵਲੋਂ ਅੰਮ੍ਰਿਤਸਰ ‘ਚ ਪ੍ਰੈਸ ਕਲੱਬ ਕਲੌਨੀ ਬਣਾਉੁਣ ਦਾ ਭਰੋਸਾ

ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਪੱਤਰਕਾਰਾਂ ਲਈ ਰੱਖੀ ਸੀ ਮੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਸਥਾਨਕ ਜੀ.ਟੀ ਰੋਡ ਸਥਿਤ ਨਿਊ ਅੰਮ੍ਰਿਤਸਰ ਵਿਖੇ ਪਹੁੰਚੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਨਵੇਂ ਬਣੇ ਚੇਅਰਮੈਨ ਅਸ਼ੋਕ ਤਲਵਾਰ ਨੇ ਪ੍ਰੈਸ ਕਲੱਬ ਦੀਆਂ ਮੰਗਾਂ ਨੂੰ ਹਾਂ ਪੱਖੀ ਹੁੰਗਾਰਾ ਦਿੰਦਿਆਂ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਲਈ ਪ੍ਰੈਸ ਕਲੱਬ ਕਲੌਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਯਕੀਨ ਦਿਵਾਇਆ ਹੈ।
ਉਚੇਚੇ ਤੌਰ ‘ਤੇ ਪ੍ਰੈਸ ਕਲੱਬ ਆਏ ਚੇਅਰਮੈਨ ਅਸ਼ੋਕ ਤਲਵਾਰ ਨੂੰ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਪ੍ਰੈਸ ਕਲੱਬ ਵਿਖੇ ਲੋੜੀਂਦੀ ਮੁਰੰਮਤ ਕਰਵਾਉਣ ਲਈ 25 ਲੱਖ ਦੇ ਬਣੇ ਐਸਟੀਮੇਟ ਚੋਂ ਸਾਢੇ 12 ਲੱਖ ਦੀ ਕਮੀ ਦੀ ਤੁਰੰਤ ਪੂਰਤੀ ਦੀ ਮੰਗ ਕੀਤੀ ਅਤੇ ਪੱਤਰਕਾਰ ਭਾਈਚਾਰੇ ਵਾਸਤੇ ਸਰਕਾਰੀ ਰੇਟਾਂ ‘ਤੇ ਆਸਾਨ ਕਿਸ਼ਤਾਂ ਰਾਹੀਂ ਰਿਹਾਇਸ਼ੀ ਫਲੈਟ ਦੇਣ ਦੀ ਮੰਗ ਵੀ ਰੱਖੀ।ਉਨਾਂ ਚੇਅਰਮੈਨ ਨੂੰ ਦੱਸਿਆ ਕਿ ਕਰੀਬ 90 ਫ਼ੀਸਦੀ ਪੱਤਰਕਾਰਾਂ ਕੋਲ ਆਪਣਾ ਘਰ ਨਹੀਂ ਹੈ।ਇਸ ਲਈ ਟਰੱਸਟ ਵਲੋਂ ਗੁਰੂ ਨਗਰੀ ਵਿੱਚ ਪੱਤਰਕਾਰਾਂ ਇਕ ਪ੍ਰੈਸ ਕਲੱਬ ਕਲੌਨੀ ਬਣਾਈ ਜਾਵੇ।
ਇਸ ਸਮੇਂ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਕਿਹਾ ਕਿ ਜਰੂਰੀ ਮੁਰੰਮਤ ਲਈ ਲੋੜੀਂਦੀ ਸਾਢੇ 12 ਲੱਖ ਦੀ ਰਾਸ਼ੀ ਸੋਮ-ਮੰਗਲਵਾਰ ਹੀ ਰਲੀਜ਼ ਹੋ ਜਾਵੇਗੀ ਤਾਂ ਜੋ ਕੰਮ ਨਾ ਰੁਕੇ।ਪ੍ਰੈਸ ਕਲੱਬ ਕਲੌਨੀ ਦੀ ਮੰਗ ਬਾਰੇ ਉਨਾਂ ਕਿਹਾ ਕਿ ਇਸ ਜਾਇਜ਼ ਮੰਗ ਲਈ ਉਹ 100 ਫ਼ੀਸਦੀ ਯਤਨਸ਼ੀਲ ਰਹਿਣਗੇ।ਉਨ੍ਹਾਂ ਕਿਹਾ ਕਿ ਇਹ ਮੰਗ ਤਾਂ ਸਗੋਂ ਪੂਰੇ ਪੰਜਾਬ ਵਿੱਚ, ਜਿਥੇ ਜਿਥੇ ਪ੍ਰੈਸ ਕਲੱਬ ਹੈ ਲਾਗੂ ਹੋਣੀ ਚਾਹੀਦੀ ਹੈ।ਉਹ ਇਸ ਬਾਰੇ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਕਰਨਗੇ।
ਇਸ ਮੌਕੇ ਜਨਰਲ ਸਕੱਤਰ ਪੰਕਜ਼ ਸ਼ਰਮਾ, ਜੁਆਇੰਟ ਸਕੱਤਰ ਮਮਤਾ ਸ਼ਰਮਾ ਅਤੇ ਹੋਰ ਪੱਤਰਕਾਰ ਵੱਡੀ ਗਿਣਤੀ ‘ਚ ਮੌਜ਼ੂਦ ਸਨ।ਇਸ ਤੋਂ ਪਹਿਲਾਂ ਪੱਤਰਕਾਰਾਂ ਵਲੋਂ ਚੇਅਰਮੈਨ ਅਸ਼ੋਕ ਤਲਵਾਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …