Sunday, September 8, 2024

ਅੰਤਰਰਾਸ਼ਟਰੀ ਸਪੈਸ਼ਲ ੳਲੰਪਿਕ ‘ਚ ਮੈਡਲ ਜਿੱਤਣ ਵਾਲੇ ਪਿੰਗਲਵਾੜਾ ਦੇ ਤਿੰਨ ਖਿਡਾਰੀਆਂ ਦੇ ਸਨਮਾਨ ‘ਚ ਜੇਤੂ ਮਾਰਚ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਜਰਮਨੀ ਦੇ ਬਰਲਿਨ ਸ਼ਹਿਰ ਵਿੱਚ ਮਿਤੀ 17 ਤੋਂ 25 ਜੂਨ 2023 ਤੀਕ ਹੋਈਆਂ ਅੰਤਰਰਾਸ਼ਟਰੀ ਸਪੈਸ਼ਲ ੳਲੰਪਿਕ ਵਿੱਚ ਪਿੰਗਲਵਾੜੇ ਦੇ ਸਪੈਸ਼ਲ ਸਕੂਲ ਦੇ ਤਿੰਨ ਖਿਡਾਰੀਆਂ ਨੇ ਇਕ ਸੋਨੇ ਦਾ ਮੈਡਲ ਅਤੇ ਤਿੰਨ ਬਰੋਂਜ ਮੈਡਲ ਜਿੱਤ ਕੇ 28 ਜੂਨ ਨੂੰ ਅੰਮ੍ਰਿਤਸਰ ਵਾਪਸੀ ਕੀਤੀ।ਇਹ ਸਕੂਲ ਪਿੰਗਲਵਾੜਾ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਂਟਾਰੀਓ ਵੱਲੋਂ ਸਾਂਝੇ ਪ੍ਰੋਜੈਕਟ ਦੇ ਤੌਰ ‘ਤੇ ਚਲਾਇਆ ਜਾ ਰਿਹਾ ਹੈ।ਇਸ ਵਿੱਚ ਕੈਨੇਡਾ ਦੀਆਂ ਸਮੂਹ ਸੰਗਤਾਂ ਵੱਲੋਂ ਭਰਵਾਂ ਯੋਗਦਾਨ ਦਿੱਤਾ ਜਾਂਦਾ ਹੈ।
ਇਹਨਾਂ ਖਿਡਾਰੀਆਂ ਦੇ ਸਨਮਾਨ ਅਤੇ ਹੌਂਸਲਾ ਅਫ਼ਜਾਈ ਲਈ ਮਾਨਾਂਵਾਲਾ ਬ੍ਰਾਂਚ ਤੋਂ ਇਕ ਜੇਤੂ ਮਾਰਚ ਕੱਢਿਆ ਗਿਆ।ਇਸ ਮਾਰਚ ਨੂੰ ਮਾਨਾਂਵਾਲਾ ਬ੍ਰਾਂਚ ਤੋਂ ਸਮੂਹ ਸਟਾਫ਼ ਸੇਵਾਦਾਰ ਅਤੇ ਪਿੰਗਲਵਾੜੇ ਦੇ ਬੱਚਿਆਂ ਵਲੋਂ ਬੈਂਡ ਵਾਜੇ ਨਾਲ ਭੰਗੜਾ ਪਾ ਕੇ ਰਵਾਨਾ ਕੀਤਾ ਗਿਆ।ਰਸਤੇ ਵਿੱਚ ਗੋਲਡਨ ਗੇਟ ਵਿਖੇ ਵੱਡੀ ਗਿਣਤੀ ਵਿੱਚ ਸ਼ਹਿਰ ਦੀ ਸੰਗਤ ਵੱਲੋਂ ਜੇਤੂ ਖਿਡਾਰੀਆਂ ਨੂੰ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਤਸ਼ਾਹ ਵਧਾਇਆ ਗਿਆ।
ਉਪਰੰਤ ਨੈਕਸਸ ਅਲਫਾ ਵਨ ਵਿਖੇ ਸਮੂਹ ਮੈਨੇਜਮੈਂਟ ਅਤੇ ਸਟਾਫ ਵੱਲੋਂ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ।ਸਾਰੇ ਸਟਾਫ਼ ਨੇ ਭੰਗੜਾ ਪਾ ਕੇ ਜੇਤੂ ਖਿਡਾਰੀਆਂ ਦਾ ਹੌਂਸਲਾ ਵਧਾਇਆ।ਇਸ ਤੋਂ ਬਾਅਦ ਕਾਫ਼ਲਾ ਰੇਲਵੇ ਸਟੇਸ਼ਨ ਅਤੇ ਕ੍ਰਿਸਟਲ ਚੌਂਕ ਹੁੰਦਾ ਹੋਇਆ ਭੰਡਾਰੀ ਪੁੱਲ ਪਹੁੰਚਿਆ।ਇਸ ਥਾਂ ‘ਤੇ ਨਰਿੰਦਰ ਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਨੇ ਖਿਡਾਰੀਆਂ ਦਾ ਸਨਮਾਨ ਕੀਤਾ ।
ਹੁਸੈਨਪੁਰਾ ਰਾਹੀਂ ਬੱਸ ਸਟੈਂਡ ਤੋਂ ਹੁੰਦਾ ਹੋਇਆ ਇਹ ਜੇਤੂ ਮਾਰਚ ਪਿੰਗਲਵਾੜਾ ਮੇਨ ਬ੍ਰਾਂਚ ਵਿਖੇ ਪਹੁੰਚਿਆ। ਇਸ ਥਾਂ ਖਿਡਾਰੀਆਂ ਦੇ ਸਵਾਗਤ ਦਾ ਅਲੌਕਿਕ ਨਜ਼ਾਰਾ ਸੀ।ਸਾਰੇ ਪਿੰਗਲਵਾੜੇ ਪਰਿਵਾਰ ਦੇ ਸੇਵਾਦਾਰ ਖ਼ੁਸ਼ੀ ਵਿੱਚ ਝੂਮ ਰਹੇ ਸਨ ਅਤੇ ਉਹਨਾਂ ਨੇ ਜੇਤੂਆਂ ਦਾ ਸਿਹਰਿਆਂ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਇਹਨਾਂ ਜੇਤੂ ਖਿਡਾਰੀਆਂ ਦੇ ਸਨਮਾਨ ਵਿੱਚ ਇਕ ਖਾਸ ਸਵਾਗਤੀ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਪਤਵੰਤੇ ਬੁਲਾਰਿਆਂ ਨੇ ਇਹਨਾਂ ਦੀਆਂ ਪ੍ਰਾਪਤੀਆਂ ‘ਤੇ ਖੁਸ਼ੀ ਦਾ ਇਜ਼ਹਾਰ ਕਰਕੇ ਇਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ।ਪ੍ਰਮੁੱਖ ਬੁਲਾਰਿਆਂ ਵਿੱਚ ਬੀਬੀ ਜੀਵਨਜੋਤ ਕੌਰ ਵਿਧਾਇਕਾ, ਜਤਿੰਦਰ ਸਿੰਘ ਬਰਾੜ, ਪੰਜਾਬ ਨਾਟਸ਼ਾਲਾ, ਡਾ. ਸਰਬਜੀਤ ਸਿੰਘ ਛੀਨਾ, ਸਿੱਖਿਆ ਸਲਾਹਕਾਰ ਖਾਲਸਾ ਕਾਲਜ, ਪ੍ਰਬੰਧਕੀ ਕੌਂਸਲ, ਡਾ. ਸ਼ਿਆਮ ਸੁੰਦਰ ਦੀਪਤੀ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਭਗਵੰਤ ਸਿੰਘ ਦਿਲਾਵਰੀ ਸਰਪ੍ਰਸਤ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅਤੇ ਦਵਿੰਦਰ ਸਿੰਘ ਪ੍ਰਧਾਨ ਰੀੜ੍ਹ ਦੀ ਹੱਡੀ ਐਸੋਸੀਏਸ਼ਨ ਆਦਿ ਸ਼ਾਮਲ ਸਨ।
ਪਿੰਗਲਵਾੜਾ ਸੰਸਥਾ ਮੁੱਖ ਸੇਵਾਦਾਰ ਡਾ. ਇੰੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਇਹਨਾਂ ਖਿਡਾਰੀਆ ਨੇ ਸਿਰਫ਼ ਪਿੰਗਲਵਾੜੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।ਇਹ ਤਿੰਨੇ ਖਿਡਾਰੀ, ਮੁਹੰਮਦ ਨਿਸਾਰ ਰੇਲਵੇ ਸਟੇਸ਼ਨ ਤੋਂ, ਰੇਨੂੰ ਅੰਮ੍ਰਿਤਸਰ ਬੱਸ ਸਟੈਂਡ ਅਤੇ ਖਿਡਾਰਣ ਸੀਤਾ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਬਾਹਰੋਂ ਲਾਵਾਰਸੀ ਦੀ ਹਾਲਤ ਵਿੱਚ ਪਿੰਗਲਵਾੜੇ ਵਿੱਚ ਆਏ।ਸਾਨੂੰ ਇਹ ਮਾਣ ਹੈ ਕਿ ਇਸ ਸਕੂਲ ਨੇ ਪਿਛਲੇ ਤਿੰਨ ਸਪੈਸ਼ਲ ੳਲੰਪਿਕ ਲਾਸ ਏਂਜਲਸ, ਵਿਆਨਾ (ਆਸਟਰੀਆ) ਅਤੇ ਅਬੂਧਾਬੀ ਵਿੱਚ ਅਲੱਗ-ਅਲੱਗ ਖੇਡਾਂ ਵਿੱਚ 11 ਮੈਡਲ ਜਿੱਤੇ ਹਨ।
ਇਸ ਵਿਸ਼ੇਸ਼ ਸਮਾਗਮ ਵਿੱਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸ਼ਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਰਿਟਾ. ਡੀ.ਐਸ.ਪੀ ਬਖਸ਼ੀਸ਼ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ ਅਤੇ ਸਰਦਾਰਨੀ ਹਰਿੰਦਰ ਕੌਰ, ਗੁਰਨੈਬ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਅਨੀਤਾ ਬੱਤਰਾ, ਪ੍ਰਿੰਸੀਪਲ ਦਲਜੀਤ ਕੌਰ, ਯੋਗੇਸ਼ ਸੂਰੀ, ਗੁਲਸ਼ਨ ਰੰਜਨ ਸ਼ੋਸ਼ਲ ਵਰਕਰ, ਹਰਪਾਲ ਸਿੰਘ ਸੰਧੂ, ਡਾ. ਕਰਨਜੀਤ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਗੁਰਿੰਦਰ ਸਿੰਘ ਪ੍ਰਿੰਟਵੈਲ ਆਦਿ ਸ਼ਾਮਲ ਸਨ।

 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …