ਅੰਮ੍ਰਿਤਸਰ, 2 ਜੁਲਾਈ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ
ਧਾਲੀਵਾਲ ਦੀ ਅਗਵਾਈ ਹੇਠ ਜਾਰੀ 21ਵਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਦੂਜੇ ਦਿਨ ਪ੍ਰਵਾਸੀ ਲੇਖਕ ਸੁਰਿੰਦਰ ਸਿੰਘ ਸੁੱਨੜ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਹੀਰ ਸੁੱਨੜ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
‘ਹੀਰ ਸੁੱਨੜ’ ਪ੍ਰਵਾਸੀ ਪੰਜਾਬੀ ਲੇਖਕ ਸੁਰਿੰਦਰ ਸਿੰਘ ਸੁੱਨੜ ਦੀ ਰਚਨਾਤਮਕ ਕਲਾ-ਕੌਸ਼ਲਤਾ ਦਾ ਬਿਹਤਰੀਨ ਪ੍ਰਮਾਣ ਹੈ।ਸੁਰਿੰਦਰ ਸਿੰਘ ਸੁੱੱਨੜ ਇਕ ਬਹੁ-ਪੱਖੀ ਲੇਖਕ ਹੈ।ਪੰਜਾਬੀ ਕਿੱਸਾ ਕਾਵਿ ਵਿੱਚ ਸੱਯਦ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਨੇ ਪੰਜਾਬੀ ਮਾਨਸਿਕਤਾ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਵਾਰਿਸ ਤੋਂ ਬਾਅਦ ਅਨੇਕ ਕਵੀਆਂ ਦੇ ਸਾਹਿਤ ਉਪਰ ‘ਹੀਰ’ ਦੇ ਮੈਟਾਫਰ ਦਾ ਪ੍ਰਤੱਖ ਅਸਰ ਦੇਖਣ ‘ਚ ਮਿਲਦਾ ਹੈ।ਹੀਰ ਸੁੱਨੜ ਇਕ ਪੜ੍ਹੇ ਲਿਖੇ ਤੇ ਸਰਦੇ ਪੁੱਜਦੇ ਪਰਿਵਾਰ ਦੇ ਗੱਭਰੂ ਅਤੇ ਮੁਟਿਆਰ ਦੀ ਪ੍ਰੇਮ ਕਥਾ ’ਤੇ ਅਧਾਰਿਤ ਕਾਵਿ ਰਚਨਾ ਹੈ।ਜੋ ਪੰਜਾਬੀ ਜਨ-ਸਾਧਾਰਨ ਵਾਂਗ ਪਿਆਰ ਨੂੰ ਇਕ ਉਠਾਰ ਦੀ ਥਾਂ ਇਕ ਉਚਤਮ ਇਨਸਾਨੀ ਜਜ਼ਬਾਤ ਮੰਨਦੇ ਹਨ।ਲੜਕੀ ਦਾ ਬਾਪ ਇਕ ਚਲਦਾ ਪੁਰਜ਼ਾ ਤੇ ਮੰਨਿਆ ਪਰਮੰਨਿਆ ਵਪਾਰੀ ਹੈ ਜੋ ਸਭ ਉੱਚੇ ਨੀਵੇਂ ਥਾਵਾਂ ਦੀ ਸਾਰ ਜਾਣਦਾ ਹੈ।ਉਹ ਆਪਣੀ ਪਤਨੀ ਤੇ ਲੜਕਿਆਂ ਦੀ ਘਬਰਾਹਟ ਨੂੰ ਆਪਣੇ ਸਵੈ ਵਿਸ਼ਵਾਸ ਨਾਲ ਜਿੱਤਣ ਵਿੱਚ ਵੀ ਸਫਲ ਹੋ ਜਾਂਦਾ ਹੈ।ਇਸ ਰਚਨਾ ਵਿੱਚ ਬੇਸ਼ੱਕ ਬਾਪ ਧੀ ਨੂੰ ਚਤੁਰਾਈ ਨਾਲ ਵਿਦੇਸ਼ ਲਿਜਾ ਕੇ ਪੜ੍ਹਨ ਲਾਉਣ ਤੇ ਉਥੇ ਮੰਗਣ ਵਿਆਹੁਣ ਦੇ ਹੀਲੇ ਕਰਦਾ ਅਤੇ ਹੀਰ ਰਾਂਝੇ ਦੇ ਪ੍ਰੇਮ ਨੂੰ ਅਸਫਲ ਕਰਨ ਦਾ ਯਤਨ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਇਸ ਉਦੇਸ਼ ਲਈ ਉਹ ਵੈਨਚੁਰਾ, ਯੂ.ਐਸ.ਏ ਰਹਿੰਦੇ ਆਪਣੇ ਭਰਾ ਕੈਦੋਂ ਦੀ ਵੀ ਮਦਦ ਲੈਂਦਾ ਹੈ, ਪਰ ਲੇਖਕ ਉਹਨਾਂ ਦੇ ਕਿਰਦਾਰ ਨੂੰ ਖਲਨਾਇਕ ਦੇ ਰੂਪ ਵਿੱਚ ਨਹੀਂ ਚਿਤਰਦਾ।ਸੁੱਨੜ ਦਾ ਸੈਦਾ ‘ਕਾਣਾ’ ਨਹੀਂ ਸਗੋਂ ਅੱਖਾਂ ਦਾ ਡਾਕਟਰ ਹੈ।ਸਹਿਤੀ ਰਾਂਝੇ ਗਰੀਨ ਕਾਰਡ ਦਾ ਸਬੱਬ ਬਣਦੀ ਹੈ।ਇਸ ਤਰ੍ਹਾਂ ਸੁੱਨੜ ਦੇ ਨਾਇਕ ਨਾਇਕਾ ਆਪਣੀ ਪ੍ਰੀਤ ਵਿੱਚ ਮੰਜ਼ਿਲ ਹਾਸਲ ਕਰ ਲੈਂਦੇ ਹਨ।ਇਹ ਤਾਂ ਆਧੁਨਿਕ ਲੋਕਾਂ ਦੇ ਪ੍ਰੇਮ ਦੀ ਗਾਥਾ ਹੈ।ਜਿਸ ਵਿੱਚ ਹੱਡ ਮਾਸ ਦੇ ਵਿਅਕਤੀ ਹੀ ਪ੍ਰਵਾਨ ਹਨ।ਵਾਰਿਸ ਦੀ ਕਹਾਣੀ ਵੀ ਰੂਹ ਕਲਬੂਤ ਦੀ ਕਹਾਣੀ ਹੈ।ਹੀਰ ਸੁੱਨੜ ਵੀ ਅੱਜ ਦੀ ਹੀਰ ਨੂੰ ਤੇ ਅੱਜ ਦੇ ਰਾਂਝੇ ਨੂੰ ਰੂਹ ਕਲਬੂਤ ਦੇ ਰਿਸ਼ਤੇ ਨਿਭਾਉਂਦਿਆਂ ਹੀ ਪੇਸ਼ ਕਰਦੀ ਹੈ।
ਇਸ ਨਾਟਕ ਵਿੱਚ ਸਾਜਨ ਕੋਹੀਨੂਰ, ਜਪਨੀਤ ਕੌਰ, ਸਾਹਿਲ ਕੁਮਾਰ, ਪੂਜਾ, ਦਿਵਯਾਂਸ਼ੀ, ਤਮੰਨਾ, ਯਸ਼ ਮਿਸ਼ਰਾ, ਵਿਪਨ ਕੁਮਾਰ, ਮਨਪ੍ਰੀਤ ਕੌਰ, ਕਰਨਵੀਰ ਸਿੰਘ, ਮਨਜਿੰਦਰ ਸਿੰਘ, ਜੋਹਨ ਪਾਲ, ਸੰਜੇ ਕੁਮਾਰ, ਦਿਪਿਕਾ, ਅੰਕੁਰ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਹੈਪੀ, ਜੁਗਰਾਜ ਗਿੱਲ, ਰਾਜਨ, ਰਣਵੀਰ ਸਿੰਘ, ਅਭਿਸ਼ੇਕ, ਰਾਜਦੀਪ, ਗਗਨਦੀਪ, ਕ੍ਰਿਸ਼ਨਾ, ਪਰਵਿੰਦਰ ਸਿੰਘ, ਨਿਸ਼ਾਂਤ, ਸ਼ਿਵਮ, ਸਚਿਨ, ਆਦਿ ਕਲਾਕਾਰਾਂ ਵਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਨਾਟਕ ਨੂੰ ਦੇਖਣ ਲਈ ਸੁਰਿੰਦਰ ਸਿੰਘ ਸੁੱਨੜ, ਪਾਰਥੋਂ ਬੈਨਰਜੀ, ਪ੍ਰੀਤਪਾਲ ਰੁਪਾਣਾ ਤੋਂ ਇਲਾਵਾ ਕਾਫੀ ਗਿਣਤੀ ‘ਚ ਸ਼ਹਿਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media