ਭਗਵਾਨ ਵਾਲਮੀਕਿ ਤੀਰਥ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਹੋਏ ਬਲਕਾਰ ਸਿੰਘ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ
ਆਧਾਰ ਤੇ ਹੱਲ ਕਰੇਗੀ ਅਤੇ ਜਲਦ ਹੀ ਇਕ ਸਮਾਗਮ ਕਰਕੇ ਤਰਸ ਦੇ ਆਧਾਰ ‘ਤੇ ਨਿਯੁੱਕਤ ਹੋਣ ਵਾਲੇ ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਇਹ ਪ੍ਰਗਟਾਵਾ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਵਿਖੇ ਪੁੱਜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕੀਤਾ।ਅੰਮ੍ਰਿਤਸਰ ਪੁੱਜਣ ‘ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਪੁਲਿਸ ਦੀ ਟੁੱਕੜੀ ਵਲੋਂ ਬਲਕਾਰ ਸਿੰਘ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।ਇਸ ਉਪਰੰਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਧੂਨਾ ਸਾਹਿਬ ਟਰਸੱਟ ਵਲੋਂ ਸ੍ਰੀ ਵਾਲਮੀਕਿ ਤੀਰਥ ਵਿਖੇ ਭਗਵਾਨ ਰਾਮ ਦੇ ਪੁੱਤਰ ਲਵ-ਕੁਸ਼ ਦੇ ਜਨਮ ਦਿਹਾੜੇ ਮੌਕੇ ਕੇਕ ਕੱਟਿਆ।ਉਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ‘ਤੇ ਚਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ।ਬਲਕਾਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਅਸੀਂ ਸਾਰੇ ਬੜੇ ਭਾਗਸ਼ਾਲੀ ਹਾਂ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ’ਤੇ ਬੈਠ ਕੇ ਰਮਾਇਣ ਦੀ ਰਚਨਾ ਕੀਤੀ।ਧੂਨਾ ਸਾਹਿਬ ਟਰੱਸਟ ਵਲੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਉਪਰੰਤ ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ।ਉਨਾਂ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ ਤਾਂ ਜੋ ਇੰਨੀ ਵੱਡੀ ਜਿੰਮੇਵਾਰੀ ਮਿਲੀ ਹੈ ਉਸ ’ਤੇ ਖਰਾ ਉਤਰ ਸਕਾਂ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਐਸ.ਡੀ.ਐਮ ਰਾਜੇਸ਼ ਸ਼ਰਮਾ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਜਸਪ੍ਰੀਤ ਸਿੰਘ, ਸੰਤ ਮਲਕੀਤ ਨਾਥ, ਰਵਿੰਦਰ ਹੰਸ, ਓ.ਪੀ ਗੱਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Punjab Post Daily Online Newspaper & Print Media