ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਇਤਿਹਾਸਕ ਕਸਬੇ
ਮਹਿਤਾ ਵਿੱਚ 1.30 ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਸ਼ੁਰੂਆਤ ਨੀਂਹ ਪੱਥਰ ਰੱਖ ਕੇ ਕੀਤੀ।ਇਸ ਵਿੱਚ ਮਹਿਤਾ-ਅੰਮ੍ਰਿਤਸਰ ਸੜਕ ਤੋਂ ਮਹਿਤਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੂੰ 10 ਤੋਂ 18 ਫੁੱਟ ਚੌੜਾ ਕਰਨਾ ਅਤੇ ਮਹਿਤਾ ਵਿਖੇ ਮਾਰਕੀਟ ਕਮੇਟੀ ਦਫਤਰ ਦੀ ਇਮਾਰਤ ਸ਼ਾਮਲ ਹਨ।ਨਗਰ ਵਾਸੀਆਂ ਨਾਲ ਗੱਲਬਾਤ ਕਰਦੇ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਿੰਕ ਸੜਕਾਂ ਦੀ ਚੌੜਾਈ 18 ਫੁੱਟ ਕਰਨ ਜਾ ਰਹੀ ਹੈ, ਜਿਸ ਤਹਿਤ ਮਹਿਤਾ ਪਿੰਡ ਦੀ ਸੜਕ ਜੋ ਕਿ 10 ਫੁੱਟ ਚੌੜੀ ਅਤੇ ਇਕ ਕਿਲੋਮੀਟਰ ਲੰਮੀ ਹੈ, ਨੂੰ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾ ਰਿਹਾ ਹੈ।ਇਸ ਸੜਕ ਦੇ ਬਣਨ ਨਾਲ ਮਹਿਤਾ, ਉਦੋਨੰਗਲ, ਨੰਗਲੀ, ਖੱਬੇ ਰਾਜਪੂਤਾਂ ਆਦਿ ਪਿੰਡਾਂ ਨੂੰ ਜਾਣ ਲਈ ਵੱਡੀ ਰਾਹਤ ਮਿਲੇਗੀ।ਮਹਿਤਾ ਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਤਾ ਅੱਡੇ ਦੇ ਨਾਲ ਬਾਜ਼ਾਰ ਵਾਲੇ ਹਿੱਸੇ ਵਿਚ ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ।ਉਨਾਂ ਕਿਹਾ ਕਿ ਕੰਮ ਨੂੰ ਮਿੱਥੀ ਕੁਆਲਟੀ ਅਨੁਸਾਰ ਨਾ ਕਰਨਾ ਵੀ ਭ੍ਰਿਸ਼ਟਾਚਾਰ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹਰਭਜਨ ਸਿੰਘ ਨੇ ਕਿਹਾ ਕਿ ਅਜੇ ਤੱਕ ਇਹ ਦਫਤਰ ਕਿਰਾਏ ਦੀ ਇਮਾਰਤ ਵਿੱਚ ਚੱਲ ਰਿਹਾ ਸੀ ਅਤੇ ਹੁਣ ਸਾਡੀ ਸਰਕਾਰ ਨੇ ਕਿਸਾਨਾਂ, ਆੜਤੀਆਂ, ਖਰੀਦ ਏਜੰਸੀਆਂ, ਪੱਲੇਦਾਰਾਂ ਤੇ ਹੋਰ ਕਾਮਿਆਂ ਦੀ ਸਹੂਲਤ ਨੂੰ ਵੇਖਦੇ ਹੋਏ ਵਧੀਆ ਇਮਾਰਤ ਬਨਾਉਣ ਦਾ ਬੀੜਾ ਚੁੱਕਿਆ ਹੈ, ਜਿਸ ਉਤੇ ਕਰੀਬ 90 ਲੱਖ ਰੁਪਏ ਦੀ ਲਾਗਤ ਆਵੇਗੀ।ਇਹ ਕੰਮ 6 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਰੰਧਾਵਾ, ਚੇਅਰਮੈਨ ਗਹਿਰੀ ਮੰਡੀ ਸ਼ਨਾਖ ਸਿੰਘ, ਐਸ.ਡੀ.ਐਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਸੁਖਦੇਵ ਸਿੰਘ ਸਰਪੰਚ, ਰਾਣਾ ਸ਼ਾਹ ਧਰਦਿਓ, ਬਲਜੀਤ ਸੈਦੋਕੇ, ਐਕਸੀਅਨ ਇੰਦਰਜੀਤ ਸਿੰਘ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਸੈਕਟਰੀ ਰਾਕੇਸ਼ ਭਾਟੀਆ, ਐਸ.ਡੀ.ਓ ਰਵੇਲ ਸਿੰਘ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media