ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਪੁਰਾਣੇ ਡੀਜ਼ਲ ਆਟੋਆਂ ਦਾ ਡਾਟਾ ਬੇਸ ਤਿਆਰ ਕਰਨ ਲਈ ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ‘ਰਾਹੀ ਈ-ਆਟੋ’
ਪ੍ਰੋਜੈਕਟ ਤਹਿਤ 12-7-2023 ਤੋਂ ਮਿਤੀ 21-07-2023 ਤੱਕ ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫ਼ਤਰ ਅਤੇ ਗੁਰੂ ਨਾਨਕ ਭਵਨ ਨੇੜੇ ਬੱਸ ਸਟੈਂਡ ਵਿਖੇ ਪੁਰਾਣੇ ਡੀਜ਼ਲ ਆਟੋਜ਼ ਦੀ ਰਜਿਸ਼ਟ੍ਰੇਸ਼ਨ ਦੇ ਕੈਂਪ ਚੱਲ ਰਹੇ ਹਨ।ਜਿਸ ਵਿਚ ਰਜਿੳਟਰੇਸ਼ਨ ਕਰਵਾ ਕੇ ਪੁਲੀਸ ਕਾਰਵਾਈ ਤੋਂ ਬਚਣ ਲਈ ਸਟਿਕਰ ਹਾਸਲ ਕਰਨ ਵਾਲੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 31-08-2023 ਤੱਕ ਆਪਣੇ ਪੁਰਾਣੇ ਡੀਜ਼ਲ ਆਟੋ ਬਦਲ ਕੇ ਈ-ਆਟੋ ਲੈਣੇ ਹੋਣਗੇ, ਕਿਉਂਕਿ ਮਿਆਦ ਤੋਂ ਬਾਅਦ ਪੁਲੀਸ ਵਲੋਂ 1-09-2023 ਤੋਂ ਪੁਰਾਣੇ ਡੀਜ਼ਲ ਆਟੋਆਂ ਦੇ ਚਲਾਨ ਅਤੇ ਜ਼ਬਤੀ ਦੀ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ ਸਮਾਰਟ ਸਿਟੀ ਲਿਮ ਦੇ ਸੀ.ਈ.ਓ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਰਕਾਰ ਦੀ ‘ਰਾਹੀ ਈ-ਆਟੋ’ ਸਕੀਮ ਦਾ ਮੁੱਖ ਮੰਤਵ ਸ਼ਹਿਰ ਵਿਚ ਚੱਲ ਰਹੇ ਪੁਰਾਣੇ ਡੀਜ਼ਲ ਆਟੋਜ਼ ਦੀ ਥਾਂ ਤੇ ਈ-ਆਟੋ ਚਲਾਉਣਾ ਹੈ।ਡੀਜ਼ਲ ਆਟੋ ਚਾਲਕਾਂ ਨੂੰ 31-08-2023 ਤੱਕ ਸਰਕਾਰ ਵਲੋਂ ਪ੍ਰਮਾਨਿਤ “ਈ ਆਟੋ” ਏਜੰਸੀਆਂ ਮਹਿੰਦਰਾ, ਪੀਆਜਿਓ ਅਤੇ ਅਤੁਲ ਆਟੋ ਕੰਪਨੀਆਂ ਦੇ ਸ਼ੋ-ਰੂਮਾਂ ਵਿੱਚ ਜਾ ਕੇ ਮਨਪਸੰਦ ਈ-ਆਟੋ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਡੀਜ਼ਲ ਆਟੋ ਚਾਲਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਇਲਾਵਾ 1.40 ਲੱਖ ਰੁਪਏ ਦੀ ਸਬਸਿਡੀ ਦਾ ਲਾਭ ਵੀ ਮਿਲ ਸਕੇ।ਰੋਜਾਨਾ ਸੈਂਕੜੇ ਡੀਜ਼ਲ ਆਟੋ ਚਾਲਕ ਦੋਹਾਂ ਕੈਂਪਾਂ ਵਿਚ ਹੁੰਮ-ਹੁੰਮਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਜਿਸ ਦੇ ਸਿੱਟੇ ਵਜੋਂ ਕੱਲ ਤੱਕ 1150 ਚਾਲਕਾਂ ਵਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ।
ਕਮਿਸ਼ਨਰ ਸੰਦੀਪ ਰਿਸ਼ੀ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ‘ਰਾਹੀ ਸਕੀਮ’ ਅਧੀਨ ਸਾਰੇ ਆਟੋ ਚਾਲਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇਕ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਸਾਰੇ ਆਟੋ ਚਾਲਕਾਂ ਦੇ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਵਿਸ਼ੇਸ਼ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਨਾਮ ਪ੍ਰਾਪਤ ਕਰ ਸਕਣਗੇ।ਇਸ ਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਇਸ ਸੱਭਿਆਚਾਰਕ ਮੇਲੇ ਦੌਰਾਨ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਚਾਲਕਾਂ ਲਈ ਲੱਕੀ ਡਰਾਅ ਰਾਹੀ ਇਨਾਮ ਐਲਾਨੇ ਜਾਣਗੇ।
ਕਮਿਸ਼ਨਰ ਰਿਸ਼ੀ ਨੇ ਸਾਰੇ ਹੀ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ “ਰਾਹੀ ਈ-ਆਟੋ” ਪ੍ਰੋਜੈਕਟ ਤਹਿਤ 21-07-2023 ਤੱਕ ਕੈਂਪਾਂ ਵਿੱਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।
Punjab Post Daily Online Newspaper & Print Media