Monday, June 15, 2026

180 ਲੱਖ ਦੀ ਲਾਗਤ ਨਾਲ ਸੈਦੋਕੇ ਤੋਂ ਖੱਬੇ ਰਾਜਪੂਤਾਂ ਲਿੰਕ ਸੜਕ ਨੂੰ ਕੀਤਾ ਜਾਵੇਗਾ ਚੌੜਾ -ਲੋਕ ਨਿਰਮਾਣ ਮੰਤਰੀ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਾਵਾਈ ਵਾਲੀ ਪੰਜਾਬ ਸਰਕਾਰ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਲਿੰਕ ਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ 180 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ ਅਤੇ ਸਾਰੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਪਿੰਡ ਮਹਿਤਾ ਅਧੀਨ ਸੂਬਾ ਸਰਕਾਰ ਵੱਲੋਂ ਪੰਜਾਬ ਦਿਹਾਤੀ ਵਿਕਾਸ ਬੋਰਡ ਫੰਡ ਸਕੀਮ ਅਧੀਨ ਲਿੰਕ ਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ ਚੌੜਾ ਕਰਨ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ।ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 23.4 ਕਿਲੋਮੀਟਰ ਹੈ ਅਤੇ ਮੌਜੂਦਾ ਚੌੜਾਈ 10 ਫੁੱਟ ਹੈ, ਜਿਸ ਨੂੰ ਹੁਣ 18 ਫੁੱਟ ਚੌੜਾ ਕੀਤਾ ਜਾਵੇਗਾ।ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਹ ਕੰਮ 6 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਹ ਸੜਕ ਅੰਮ੍ਰਿਤਸਰ ਮਹਿਤਾ ਸੜਕ ਨੂੰ ਪਿੰਡ ਸੈਦੋਕੇ ਅਤੇ ਪਿੰਡ ਖੱਬੇ ਰਾਜਪੂਤਾਂ ਨਾਲ ਜੋੜਦੀ ਹੈ ਅਤੇ ਇਸ ਦੇ ਅਪਗਰੇਡ ਹੋਣ ਨਾਲ ਬੱਦੋਵਾਲ, ਟਕਾਪੁਰ, ਬੁੱਟਰ ਅਤੇ ਚੂੰਗ ਆਦਿ ਨਜ਼ਦੀਕੀ ਪਿੰਡਾਂ ਨੂੰ ਆਵਾਜਾਈ ਵਿੱਚ ਕਾਫੀ ਰਾਹਤ ਮਿਲੇਗੀ।ਸੜਕ ਉਤੇ ਬੀ.ਐਮ ਅਤੇ ਪੀ.ਸੀ ਪਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਲਾਵਾ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੇਨ ਅਤੇ ਰਿਟੇਨਿੰਗ ਵਾਲ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਸੜਕ ’ਤੇ ਖੜ੍ਹਾ ਹੋ ਕੇ ਨੁਕਸਾਨ ਨਾ ਪਹੰੁਚਾ ਸਕੇ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਅਤੇ ਸਮਾਂ ਸੀਮਾ ਦਾ ਖਾਸ ਧਿਆਨ ਰੱਖਿਆ ਜਾਵੇ।
ਇਸ ਉਪਰੰਤ ਈ.ਟੀ.ਓ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡ ਸੈਦੋਕੇ, ਮਲਕ ਨੰਗਲ, ਜਲਾਲ, ਉਸਮਾਂ, ਮਹਿਸਮਪੁਰ ਖੁਰਦ, ਧਰਮੂ ਚੱਕ ਦਾ ਦੌਰਾ ਕੀਤਾ ਗਿਆ ਅਤੇ ਮੀਂਹ ਤੋਂ ਪ੍ਰਭਾਵਿਤ ਹੋਏ ਲੋਕਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।ਈ.ਟੀ.ਓ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਰੰਧਾਵਾ, ਚੇਅਰਮੈਨ ਗਹਿਰੀ ਮੰਡੀ ਛਨਾਖ ਸਿੰਘ, ਐਸ.ਡੀ.ਐਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਸੁਖਦੇਵ ਸਿੰਘ ਸਰਪੰਚ, ਰਾਣਾ ਸ਼ਾਹ ਧਰਦਿਓ, ਬਲਜੀਤ ਸੈਦੋਕੇ, ਐਕਸੀਅਨ ਇੰਦਰਜੀਤ ਸਿੰਘ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …