ਬਾਕੀ ਅਹੁੱਦਿਆਂ ਦੀਆਂ ਤਰੱਕੀਆਂ ਵੀ ਜਲਦ ਹੋਣਗੀਆਂ – ਰਜ਼ਨੀਸ਼ ਭਾਰਦਵਾਜ
ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੋਈ ਸਿੰਡੀਕੇਟ ਮੀਟਿੰਗ ਵਿੱਚ ਚਿਰਾਂ ਤੋਂ ਉਡੀਕੀਆਂ ਜਾ ਰਹੀਆਂ ਪ੍ਰੋਮੋਸ਼ਨਾਂ ਸਬੰਧੀ ਇਤਿਹਾਸਕ ਫੈਸਲਾ ਹੋਇਆ, ਜਿਸ ਵਿਚ 9 ਸਹਾਇਕ ਰਜਿਸਟਰਾਰਾਂ, 7 ਨਿਗਰਾਨ ਦੀਆਂ ਤਰੱਕੀਆਂ ਅਤੇ 4 ਸਿਸਟਮ ਪ੍ਰੋਗਰਾਮਰਾਂ ਦੀ ਉਚੇਰੀ ਗਰੇਡ ਵਿਚ ਪਲੇਸਮੈਂਟਾਂ ਹੋਈਆਂ।ਮੀਡੀਆ ਨੁੰ ਜਾਰੀ ਬਿਆਨ ‘ਚ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਯੂਨੀਵਰਸਿਟੀ ਕਰਮਚਾਰੀਆਂ ਦੀਆਂ ਪ੍ਰੋਮੋਸ਼ਨਾਂ ਯੂਨੀਵਰਸਿਟੀ ਦੇ ਮੌਜ਼ੂਦਾ ਨਿਯਮਾਂ ਅਨੁਸਾਰ ਕਰਨ ਲਈ ਪ੍ਰਵਾਨਗੀ ਦੀ ਚਿੱਠੀ ਉਚੇਰੀ ਸਿੱਖਿਆ ਵਿਭਾਗ ਤੋਂ ਯੂਨੀਵਰਸਿਟੀ ਨੂੰ 13.6.2023 ਨੂੰ ਪ੍ਰਾਪਤ ਹੋਈ ਸੀ।ਉਸ ਅਨੁਸਾਰ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਅੱਜ ਕਰਮਚਾਰੀਆਂ ਦੀਆਂ ਬਣਦੀਆਂ ਪ੍ਰਮੋਸ਼ਨਾਂ ਕਰਨ ਦੀ ਮੱਦ ਸਿੰਡੀਕੇਟ ਵਿੱਚ ਪੇਸ਼ ਕੀਤੀ ਅਤੇ ਪ੍ਰਵਾਨਗੀ ਹੋਣ ਉਪਰੰਤ ਇਨ੍ਹਾਂ ਕਰਮਚਾਰੀਆਂ/ਅਫਸਰਾਂ ਦੀਆਂ ਪ੍ਰੋਮੋਸ਼ਨਾਂ ਹੋਈਆਂ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਦੇ ਹਨ, ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮਨਜ਼ੂਰ ਕੀਤੀਆਂ ਹਨ।ਉਨ੍ਹਾਂ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਵੀ ਸ਼ੁਕਰਾਨਾ ਕੀਤਾ।ਪ੍ਰਧਾਨ ਭਾਰਦਵਾਜ ਨੇ ਕਿਹਾ ਕਿ ਉਹ ਟੈਕਨੀਕਲ ਕੇਡਰ ਦੀਆਂ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਕਰਵਾਉਣ ਲਈ ਵੀ ਵਚਨਬੱਧ ਹਨ ਅਤੇ ਜਲਦ ਹੀ ਟੈਕਨੀਕਲ ਕੇਡਰ ਦੇ ਕਰਮਚਾਰੀਆਂ ਦੀ ਸਕਰੀਨਿੰਗ ਕਰਵਾ ਕੇ ਚਿਰਾਂ ਤੋਂ ਰੁਕੀਆਂ ਉਨ੍ਹਾਂ ਦੀਆਂ ਤਰੱਕੀਆਂ ਕਰਵਾਈਆਂ ਜਾਣਗੀਆਂ।ਉਹ ਜੂਨੀਅਰ ਸਹਾਇਕ ਦੀਆਂ ਪ੍ਰੋਮੋਸ਼ਨਾਂ, ਜਿਨ੍ਹਾਂ ਕੇਡਰਾਂ ਵਿੱਚ ਪ੍ਰੋਮੋਸ਼ਨ ਚੈਨਲ ਨਹੀਂ ਹੈ ਜਿਵੇਂ ਕਿ ਟੈਕਨੀਕਲ ਕਾਡਰ, ਕੋਚ, ਪ੍ਰੈਸ ਅਤੇ ਪਬਲੀਕੇਸ਼ਨ, ਸੇਹਤ ਕੇਂਦਰ ਵਿਚ ਕੰਮ ਕਰਦੇ ਪੈਰਾ ਮੈਡੀਕਲ ਸਟਾਫ, ਲਾਇਬ੍ਰੇਰੀ ਦੇ ਕਰਮਚਾਰੀ, ਸਿਸਟਮ ਐਨਾਲਿਸਟ ਅਤੇ ਕਾਲਜਾਂ ਵਿਚ ਕੰਮ ਕਰਦੇ ਕਰਮਚਾਰੀਆਂ ਦਾ ਕੰਮ ਕਰਵਾਉਣ ਲਈ ਵਚਨਬੱਧ ਹਨ।
ਇਸ ਮੌਕੇ ਅਫਸਰ ਐਸੋਸੀਏਸ਼ਨ ਦੇ ਅਹੁੱਦੇਦਾਰ ਜਗੀਰ ਸਿੰਘ, ਮਨਪ੍ਰੀਤ ਸਿੰਘ,ਵਿਪਨ ਕੁਮਾਰ, ਹਰਦੀਪ ਸਿੰਘ ਅਤੇ ਮੈਂਬਰ ਅਜੈ ਅਰੋੜਾ, ਗੁਰਮੀਤ ਥਾਪਾ, ਹਰਚਰਨ ਸਿੰਘ, ਜਗਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਅਤੇ ਉਚੇਰੀ ਗਰੇਡ ਵਿਚ ਪਲੈਸਮੈਂਟ ਹੋਏ ਸਿਸਟਮ ਪ੍ਰੋਗਰਾਮਰ ਭੁਪਿੰੰਦਰ ਸਿੰਘ, ਚੇਤਨ ਮਰਵਾਹਾ, ਸੰਦੀਪ ਸੂਦ ਅਤੇ ਸ੍ਰੀਮਤੀ ਜੋਤੀ ਕਲਿਆਣੀ ਹਾਜ਼ਰ ਸਨ।