ਮਨੀਪੁਰ ਘਟਨਾ ਖਿਲਾਫ਼ ਸਾਹਿਤਕਾਰਾਂ ਉਠਾਈ ਅਵਾਜ਼
ਅੰਮ੍ਰਿਤਸਰ, 22 ਜੁਲਾਈ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਅਰੰਭੀ “ਪੁਸਤਕ ਪਾਠਕਾਂ ਦੀ ਨਜ਼ਰ” ਵਿਸ਼ੇ ਤਹਿਤ ਨਾਵਲਕਾਰ ਵਜੀਰ ਸਿੰਘ ਰੰਧਾਵਾ ਦੇ ਬਹੁ-ਚਰਚਿਤ ‘ਨਾਵਲ ਦੁੱਧ ਦੀ ਲਾਜ਼’ ‘ਤੇੇ ਵਿਚਾਰ ਚਰਚਾ ਕਰਵਾਈ ਗਈ।
ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਅਤੇ ਪਿਛਲੇ ਦਿਨੀਂ ਮਨੀਪੁਰ ਵਿੱਚ ਵਾਪਰੀ ਘਟਨਾ ਦੀ ਨਿੰਦਾ ਕੀਤੀ।ਉਨਾਂ ਕਿਹਾ ਕਿ ਗੁਰੂਆਂ, ਪੀਰਾਂ ਫਕੀਰਾਂ ਅਤੇ ਰਿਸ਼ੀਆਂ ਮੁਨੀਆਂ ਨੇ ਜਿਸ ਭਾਰਤ ਵਰਸ਼ ਵਿੱਚ ਔਰਤ ਨੂੰ ਪੂਜਣਯੋਗ ਸਥਾਨ ਦੇ ਕੇ ਸਤਿਕਾਰਿਆ ਹੈ, ਉਥੇ ਔਰਤਾਂ ਨੂੰ ਇੰਝ ਨਿਰਵਸਤਰ ਕਰਨਾ ਸਮੁੱਚੀ ਮਨੁੱਖਤਾ ਲਈ ਸ਼ਰਮਸਾਰ ਕਰਨ ਵਾਲੀ ਘਟਨਾ ਦੀ ਲੇਖਕ ਭਾਈਚਾਰੇ ਨੇ ਨਿਖੇਧੀ
ਕੀਤੀ।
ਨਾਵਲ “ਦੁੱਧ ਦੀ ਲਾਜ” ਉਪਰ ਚਰਚਾ ਅਰੰਭ ਕਰਦਿਆਂ ਵਿਦਵਾਨ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਾਵਲ ਸੰਤਾਲੀ ਦੇ ਉਜਾੜੇ ਤੋਂ ਸ਼ੁਰੂ ਹੋ ਕੇ ਕਿਰਸਾਨੀ ਸੰਘਰਸ਼ ਤੀਕ ਪਹੁੰਚਦਿਆਂ ਖਿੱਤੇ ਦੇ ਲੋਕਾਂ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਹਲਾਤ ਬਾਖੂਬੀ ਬਿਆਨਦਾ ਹੈ।ਹਰਜੀਤ ਸਿੰਘ ਸੰਧੂ ਅਤੇ ਨਿਰਮਲ ਅਰਪਣ ਨੇ ਕਿਹਾ ਕਿ ਨਾਵਲ ਦੇ ਸਮੁੱਚੇ ਘਟਨਾਕ੍ਰਮ ਵਿੱਚ ਪਾਤਰ ਆਰਥਿਕ ਮੰਦਹਾਲੀ ਅਤੇ ਰਿਸ਼ਤਿਆਂ ਦੀ ਟੁੱਟ ਭੱਜ ਦੇ ਬਾਵਜ਼ੂਦ ਸੰਘਰਸ਼ ਕਰਦੇ ਹਨ।ਮਨਮੋਹਨ ਸਿੰਘ ਬਾਸਰਕੇ ਤੇ ਸੁਮੀਤ ਸਿੰਘ ਨੇ ਬਿਰਤਾਂਤਕਾਰੀ ਦੇ ਹਵਾਲੇ ਨਾਲ ਕਿਹਾ ਕਿ ਲੇਖਕ ਕੋਲ ਕਮਾਲ ਦੀ ਗਲਪ ਸ਼ੈਲੀ ਹੈ।
ਜਤਿੰਦਰ ਸਿੰਘ ਥਿੰਦ, ਅਜੀਤ ਸਿੰਘ ਨਬੀਪੁਰੀ ਅਤੇ ਸੁਖਬੀਰ ਖੁਰਮਣੀਆਂ ਤੇ ਪੱਤਰਕਾਰ ਜੇ.ਪੀ.ਐਸ ਕੁੰਦਰਾ ਨੇ ਵੀ ਲੇਖਕ ਨੂੰ ਵਧਾਈ ਦਿੰਦਿਆਂ ਵਿਚਾਰ ਚਰਚਾ ਵਿੱਚ ਹਿੱਸਾ ਲਿਆ।ਵਜੀਰ ਸਿੰਘ ਰੰਧਾਵਾ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹੱਲਾ ਸ਼ੇਰੀ ਉਹਨਾਂ ਦੇ ਲਿਖਣ ਕਾਰਜ਼ ਵਿਚ ਹੋਰ ਉਰਜਾ ਬਖਸ਼ੇਗੀ।