ਤਰਨ ਤਾਰਨ ਬਾਈਪਾਸ ਤੋਂ ਸਰਕੂਲਰ ਰੋਡ ਤੱਕ ਸੜਕ ਨੂੰ 40 ਫੁੱਟ ਤੱਕ ਕੀਤਾ ਜਾਵੇਗਾ ਚੌੜਾ
ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੜ੍ਹਕੀ
ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਹੋਣ ਵਾਲੇ ਸੜ੍ਹਕੀ ਹਾਦਸਿਆਂ ਤੋਂ ਬਚਣ ਲਈ ਨਵੀਆਂ ਸੜ੍ਹਕਾਂ ਬਣਾਈਆਂ ਜਾ ਰਹੀਆਂ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ ਵਿਖੇ ਦੋ ਅਹਿਮ ਸੜ੍ਹਕਾਂ ਜੋਤੀਸਰ ਸੜ੍ਹਕ ਅਤੇ ਤਰਨਤਾਰਨ ਬਾਈਪਾਸ ਤੋਂ ਸਰਕੂਲਰ ਰੋਡ ਨੂੰ ਲਿੰਕ ਕਰਨ ਵਾਲੀ ਸੜ੍ਹਕ ਦਾ ਨੀਂਹ ਪੱਥਰ ਰੱਖਦਿਆਂ ਕੀਤਾ।ਉਨਾਂ ਦੱਸਿਆ ਕਿ ਇਨਾਂ ਦੋਵਾਂ ਸੜ੍ਹਕਾਂ ‘ਤੇ 4.65 ਕਰੋੜ ਰੁਪਏ ਖਰਚ ਕੀਤਾ ਜਾਣਗੇ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਬਿਜਲੀ ਘਰ ਤੋਂ ਸ਼ਮਸ਼ਾਨ ਘਾਟ ਤੱਕ ਜਾਂਦੀ ਸੜ੍ਹਕ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗੀ ਅਤੇ ਇਹ ਸਾਰੀ ਸੜ੍ਹਕ ਆਰ.ਸੀ.ਸੀ ਦੀ ਬਣਾਈ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਗਰੇਸ ਪਬਲਿਕ ਸਕੂਲ ਦੇ ਨਜ਼ਦੀਕ ਤਰਨਤਾਰਨ ਬਾਈਪਾਸ ਤੋਂ ਸਰਕੂਲਰ ਰੋਡ ਨੂੰ ਲਿੰਕ ਕਰਨ ਵਾਲੀ ਸੜ੍ਹਕ, ਜਿਸਦੇ ਨਾਲ ਹੀ ਇਕ ਪੁਰਾਣਾ ਸੂਆ ਚੱਲਦਾ ਹੈ ਨੂੰ ਪਾਇਪਲਾਈਨ ਪਾ ਕੇ ਸੂਏ ਨੂੰ ਬੰਦ ਕੀਤਾ ਜਾਵੇਗਾ ਅਤੇ ਸਾਰੀ ਸੜ੍ਹਕ ਦੀ ਉਸਾਰੀ ਆਰ.ਸੀ.ਸੀ ਨਾਲ ਕੀਤੀ ਜਾਵੇਗੀ।ਇਸ ਕੰਮ ‘ਤੇ 1 ਕਰੋੜ 90 ਲੱਖ ਖਰਚ ਆਉਣਗੇ ਅਤੇ 40 ਫੁੱਟ ਚੌੜੀ ਸੜ੍ਹਕ ਬਣਾਈ ਜਾਵੇਗੀ।ਉਨਾਂ ਦੱਸਿਆ ਕਿ ਇਹ ਸੜ੍ਹਕ ਜੰਡਿਆਲਾ ਤੋਂ ਤਰਨ ਤਾਰਨ ਸ਼ਹਿਰ ਨੂੰ ਜੋੜਦੀ ਹੈ ਅਤੇ ਇਸ ਦੀ ਹਾਲਤ ਠੀਕ ਨਾ ਹੋਣ ਕਰਕੇ ਇਥੇ ਕਾਫ਼ੀ ਸੜ੍ਹਕੀ ਹਾਦਸੇ ਹੁੰਦੇ ਸਨ।
ਇਸ ਮੌਕੇ ਸੁਹਿੰਦਰ ਕੌਰ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਸੁਨੈਨਾ ਰੰਧਾਵਾ, ਬਾਬਾ ਪਰਮਾਨੰਦ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Punjab Post Daily Online Newspaper & Print Media