ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ ਹੇਠ ਅਧਿਆਪਕਾਂ ਲਈ ‘ਸੋਸ਼ਲ
ਮੀਡੀਆ ਪਲੇਟਫਾਰਮ ਦੀ ਵਰਤੋਂ’ ਵਿਸ਼ੇ ਸਬੰਧੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਵਰਿੰਦਰ ਸਿੰਘ ਖੋਸਾ ਏ.ਸੀ.ਪੀ ਨੌਰਥ ਇਸ ਸਮੇਂ ਮੁੱਖ ਮਹਿਮਾਨ ਸਨ, ਜਦਕਿ ਇੰਸਪੈਕਟਰ ਰੌਬਿਨ ਹੰਸ ਅਤੇ ਸਬ ਇੰਸਪੈਕਟਰ ਸ੍ਰੀਮਤੀ ਮਨਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਕਾਰਜਸ਼ਾਲਾ ਦੀ ਅਰੰਭਤਾ ‘ਪਵਿੱਤਰ ਜੋਤ’ ਜਗਾ ਕੇ ਕੀਤੀ ਗਈ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਮਹਿਮਾਨਾਂ ਦਾ ਸੁਆਗਤ ਪੌਦੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਕੀਤਾ।
ਪ੍ਰਿੰਸੀਪਲ ਡਾ. ਗੁਪਤਾ ਨੇ ਆਪਣੇ ਸੰਬੋਧਨ ‘ਚ ਆਖਿਆ ਕਿ ਅਜੋਕੇ ਸਮੇਂ ਸੋਸ਼ਲ ਮੀਡੀਆ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਵਿਦਿਆਰਥੀ ਇਸ ਦੀ ਵਰਤੋਂ ਕਰ ਕੇ ਹਰੇਕ ਕਿਸਮ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।ਕੋਰੋਨਾ ਕਾਲ ਦੌਰਾਨ ਆਨਲਾਈਨ ਪੜ੍ਹਾਈ ਵਰਦਾਨ ਸਾਬਤ ਹੋਈ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕੁੱਝ ਵਿਦਿਆਰਥੀ ਇਸ ਦੀ ਦੁਰਵਰਤੋਂ ਕਰਦੇ ਹੋਏ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ ।
ਮੁੱਖ ਮਹਿਮਾਨ ਵਰਿੰਦਰ ਸਿੰਘ ਖੋਸਾ ਨੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਆਖਿਆ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਅਪਰਾਧ ਦਿਨੋ-ਦਿਨ ਵੱਧਦੇ ਜਾ ਰਹੇ ਹਨ।ਅਪਰਾਧੀ ਆਮ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਬੈਂਕ ਅਕਾਊਂਟ ਨੰਬਰ ਪਤਾ ਕਰ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੇ ਖਾਤੇ ਵਿੱਚੋਂ ਪੈਸੇ ਆਪਣੇ ਖਾਤੇ ਵਿੱਚ ਜਮ੍ਹਾਂ ਕਰ ਲੈਂਦੇ ਹਨ।ਮਾਂ-ਬਾਪ ਨੂੰ ਵੀ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਉਨ੍ਹਾਂ ਦੇ ਬੱਚੇ ਕੀ-ਕੀ ਵੇਖ ਰਹੇ ਹਨ। ਉਨਾਂ ਪੁਲਿਸ ਦੁਆਰਾ ਜਾਰੀ ਕੀਤੇ ਤਿੰਨ ਫ਼ੋਨ ਨੰਬਰਾਂ ਦੀ ਜਾਣਕਾਰੀ ਦਿੱਤੀ ਗਈ- 112 (ਆਮ ਸਮੱਸਿਆਵਾਂ ਲਈ), 181 (ਔਰਤਾਂ ਵਾਸਤੇ) ਅਤੇ 1930 (ਸਾਈਬਰ ਅਪਰਾਧਾਂ ਲਈ)।ਉਨ੍ਹਾਂ ਦੱਸਿਆ ਕਿ ਇਹ ਤਿੰਨੇ ਨੰਬਰਾਂ ’ਤੇ ਆਉਣ ਵਾਲੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।ਪੁਲਿਸ ਦੁਆਰਾ ਤਿੰਨ ਪਲੇਟਫਾਰਮ-ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ।ਇਨ੍ਹਾਂ ’ਤੇ ਪੁਲਿਸ ਵੱਲੋਂ ਸ਼ਹਿਰ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ।ਉਨ੍ਹਾਂ ਇਹ ਵੀ ਕਿਹਾ ਕਿ ਜੇ ਤੁਸੀਂ ਕਿਸੇ ਦੂਜੇ ਵਿਅਕਤੀ ਦੀ ਕੋਈ ਗਲਤ ਹਰਕਤ ਵੇਖਦੇ ਹੋ ਤਾਂ ਉਸ ਦੀ ਫੋਟੋ ਖਿੱਚ ਕੇ ਉਪਰੋਕਤ ਪਲੇਟਫਾਰਮਾਂ ਵਿੱਚੋਂ ਕਿਸੇ ਇੱਕ ਪਲੇਟਫਾਰਮ ’ਤੇ ਭੇਜ ਦਿਓ ਤਾਂ ਜੋ ਉਸ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇ।ਅਸਲ ਵਿੱਚ ਪੁਲਿਸ ਇਹੀ ਚਾਹੁੰਦੀ ਹੈ ਕਿ ਗਲਤ ਵਿਅਕਤੀਆਂ ਨੂੰ ਸੁਧਾਰਨ ਲਈ ਸਮਾਜ ਦੇ ਚੰਗੇ ਲੋਕ ਆਪਣਾ ਯੋਗਦਾਨ ਪਾਉਣ।
ਵਿਦਿਆਰਥੀਆਂ ਨੇ ਸੁਆਗਤ ਗੀਤ ਗਾ ਕੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ।ਇੱਕ ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਦੱਸਿਆ ਕਿ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁੱਕਾ ਹੈ।ਗੂਗਲ, ਵਟਸ ਐਪ, ਟਵਿੱਟਰ, ਸਨੈਪਚੈਟ, ਇੰਸਟਾਗ੍ਰਾਮ ਆਦਿ ਸਾਡੇ ਲਈ ਏਨੇ ਜ਼ਰੂਰੀ ਹੋ ਗਏ ਹਨ ਕਿ ਅਸੀਂ ਆਲੇ-ਦੁਆਲੇ ਤੋਂ ਬੇਖ਼ਬਰ ਹੋ ਗਏ ਹਨ । ਅੱਜ-ਕੱਲ੍ਹ ਮਾਪੇ ਵੀ ਮੋਬਾਇਲ ਫ਼ੋਨ, ਕੰਪਿਊਟਰ ’ਤੇ ਏਨੇ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ। ਬੱਚੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੋਏ ਤਣਾਓ (ਡਿਪ੍ਰੈਸ਼ਨ) ਦਾ ਸ਼ਿਕਾਰ ਹੋ ਰਹੇ ਹਨ।
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਵਰਿੰਦਰ ਸਿੰਘ ਖੋਸਾ ਦਾ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ ਅਤੇ ਆਖਿਆ ਕਿ ਅਸੀਂ ਸਭ ਪੁਲਿਸ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਾਂਗੇ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।
Check Also
DAV Public School Observes Bal Gangadhar Tilak Martyrdom Day
Amritsar, August 2 (Punjab Post Bureau) – DAV Public School Lawrence Road Amritsar solemnly observed …
Punjab Post Daily Online Newspaper & Print Media