Monday, July 8, 2024

ਬਾਸਮਤੀ ਦੀ ਫਸਲ ‘ਚ ਬੈਨ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਨਾ ਕਰਨ ਸਬੰਧੀ ਹਦਾਇਤਾਂ ਜਾਰੀ

ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵਲੋਂ ਦਿੱਤੇ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਵਿੱਚ ਜ਼ਹਿਰ ਮੁਕਤ ਉਤਮ ਦਰਜ਼ੇ ਦੀ ਮਿਆਰੀ ਬਾਸਮਤੀ ਦੀ ਪੈਦਾਵਾਰ ਲਈ 10 ਕੀਟਨਾਸ਼ਕ ਜਹਿਰਾਂ ਨੂੰ ਬੈਨ ਕਰਨ ਸਬੰਧੀ 26 ਜੁਲਾਈ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।ਇਸ ਅਨੁਸਾਰ 10 ਕੀਟਨਾਸ਼ਕ ਅਤੇ ਉਲੀਨਾਸ਼ਕ ਜ਼ਹਿਰਾਂ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਹੈਕਸਾਕੋਨਾਜ਼ੋਲ, ਪ੍ਰੋਪੀਕੋਨਾਜ਼ੋਲ, ਥਾਇਆਮੈਥੋਕਸਮ, ਪ੍ਰੋਫੀਨੋਫਾਸ, ਇਮਿਡਾਕਲੋਪਰਿੱਡ, ਕਾਰਬੈਂਡਾਜਿਮ ਅਤੇ ਟਰਾਈਸਾਈਕਲਾਜ਼ੋਲ 1 ਅਗਸਤ ਤੋਂ 60 ਦਿਨਾਂ ਲਈ ਬਾਸਮਤੀ ਦੀ ਫਸਲ ਲਈ ਵਿਕਰੀ, ਡਿਸਟਰੀਬਿਊਸ਼ਨ ਅਤੇ ਵਰਤੋਂ ਦੀ ਮਨਾਹੀ ਕੀਤੀ ਗਈ ਹੈ।ਮੁੱਖ ਖੇਤੀਬਾੜੀ ਅਫਸਰ ਗਿੱਲ ਨੇ ਜਿਲ੍ਹੇ ਦੇ ਡੀਲਰਾਂ, ਡਿਸਟਰੀਬਿਊਟਰਾਂ, ਐਗਰੋਕੈਮੀਕਲ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਕਤ ਨੋਟੀਫਿਕੇਸ਼ਨ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਨੋਟੀਫਿਕੇਸ਼ਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਇੰਨਸੈਕਟੀਸਾਈਡ ਐਕਟ 1968 ਅਤੇ ਇੰਨਸੈਕਟੀਸਾਈਡ ਰੂਲਜ਼ 1971 ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਦੱਸਿਆ ਕਿ ਬਾਸਮਤੀ ਦੀ ਫਸਲ ਵਿੱਚ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਿਸ਼ ਕੀਤੇ ਬਦਲਵੇਂ ਕੀਟਨਾਸ਼ਕ ਜ਼ਹਿਰ ਬਜ਼ਾਰ ਵਿੱਚ ਉਪਲੱਬਧ ਹਨ।ਉਨ੍ਹਾਂ ਦੱਸਿਆ ਕਿ ਜ਼ਹਿਰ ਮੁਕਤ ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਚੋਗਾਵਾਂ ਵਿੱਚ ਪੰਜਾਬ ਐਗਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਅਪੀਡਾ ਅਤੇ ਪੰਜਾਬ ਰਾਇਸ ਮਿਲਰਜ਼ ਅਤੇ ਐਕਸਪੋਰਟ ਐਸੋਸੀਏਸ਼ਨ, ਪੰਜਾਬ ਦੇ ਸਾਂਝੇ ਯਤਨਾਂ ਨਾਲ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਅਮਰਜੀਤ ਸਿੰਘ ਸਹਾਇਕ ਪੌਦ ਸੁਰੱਖਿਆ ਅਫਸਰ, ਰਮਨ ਕੁਮਾਰ ਵਿਸ਼ਾ ਵਸਤੂ ਮਾਹਿਰ (ਪੀਪੀ), ਪਰਜੀਤ ਸਿੰਘ, ਏ.ਡੀ.ਓ (ਟੀ.ਏ), ਗੁਰਪ੍ਰੀਤ ਸਿੰਘ ਏ.ਡੀ.ਓ ਇੰਨਫੋਰਸਮੈਂਟ, ਗੁਰਪ੍ਰੀਤ ਸਿੰਘ ਏ.ਡੀ.ਓ (ਪੀਪੀ) ਅੰਮ੍ਰਿਤਸਰ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …