ਪੰਜਾਬ ਆਰਟ ਇਨੀਸ਼ੀਏਟਿਵ – ਅੰਮ੍ਰਿਤਸਰ ਐਡੀਸ਼ਨ ਵਲੋਂ ਉਦਘਾਟਨੀ ਸ਼ੋਅ ਲਾਂਚ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਆਰਟ ਇਨੀਸ਼ੀਏਟਿਵ-ਅੰਮ੍ਰਿਤਸਰ ਐਡੀਸਨ, ਯੂਜ਼ ਆਰਟਸ ਫਾਊਂਡੇਸ਼ਨ ਵਲੋਂ ਸਹਿਯੋਗ ਪ੍ਰਾਪਤ ਪਬਲਿਕ ਆਰਟ ਫੈਸਟੀਵਲ ਨੇ ਅੱਜ ਆਪਣੇ ਮਹੀਨਾ ਭਰ ਚੱਲਣ ਵਾਲੇ ਪਹਿਲੇ ਐਡੀਸ਼ਨ ਦੇ ਉਦਘਾਟਨ ਦਾ ਐਲਾਨ ਕੀਤਾ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਇਸ ਐਡੀਸਨ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਆਪਣੇ ਸੰਬੋਧਨ ਵਿਚ ਕਲਕਾਰਾਂ ਦੀ ਤਾਰੀਫ਼ ਕਰਦੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਅਤੇ ਵਿਰਸੇ ਦੀ ਸੰਭਾਲ ਲਈ ਇਹ ਉਪਰਾਲਾ ਬਹੁਤ ਵੱਡਾ ਉਦਮ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਉਪਰਾਲੇ ਕਰ ਰਹੀ ਹੈ ਅਤੇ ਇਹ ਯਤਨ ਤਾਂ ਹੀ ਸੰਭਵ ਹੋਣਗੇ, ਜਦੋਂ ਇਸ ਤਰ੍ਹਾਂ ਦਾ ਸਾਥ ਤੁਹਾਡੇ ਵਲੋਂ ਮਿਲੇਗਾ।ਉਨ੍ਹਾਂ ਕਿਹਾ ਕਿ ਇੰਨਾ ਕਲਾਕ੍ਰਿਤਾਂ ਵਿੱਚ ਦਿੱਤਾ ਗਿਆ ਸੰਦੇਸ਼ ਬੱਚਿਆਂ, ਜਵਾਨਾਂ ਦੇ ਸਹਿਜ਼ੇ ਹੀ ਦਿਲ ਨੂੰ ਟੁੰਬਦਾ ਹੈ, ਜੋ ਕਿ ਜਾਗਰੂਕਤਾ ਲਈ ਬਹੁਤ ਜਰੂਰੀ ਹੈ।ਉਨ੍ਹਾਂ ਕਿਸਾਨਾਂ ਨੂੰ ਆ ਰਹੇ ਝੋਨੇ ਦੇ ਸੀਜ਼ਨ ਵਿੱਚ ਪਰਾਲੀ ਨਾ ਸਾੜਨ ਦੀ ਅਪੀਲ ਕਰਦੇ ਕਿਹਾ ਕਿ ਖੇਤਾਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਤੁਸੀਂ ਹੰਭਲਾ ਮਾਰੋ, ਅਸੀਂ ਤੁਹਾਡੇ ਨਾਲ ਹਾਂ।
ਦੱਸਣਯੋਗ ਹੈ ਕਿ ਪੰਜਾਬ ਆਰਟ ਇਨੀਸ਼ੀਏਟਿਵ- ਅੰਮ੍ਰਿਤਸਰ ਐਡੀਸ਼ਨ 2023 ਸ਼ਹਿਰ ਦੇ ਕਲਾਤਮਕ ਭਾਈਚਾਰੇ ਦੀਆਂ ਪ੍ਰਮੁੱਖ ਸੰਸਥਾਵਾਂ ਅਤੇ ਮਹੱਤਵਪੂਰਨ ਵਿਅਕਤੀਆਂ ਨਾਲ ਭਾਈਵਾਲੀ ਰਾਹੀਂ “ਏ ਫਾਈਨ ਬੈਲੇਂਸ ”ਥੀਮ ਦੇ ਆਲੇ-ਦੁਆਲੇ ਰਚਨਾਤਮਕ ਖੋਜਾਂ ਨੂੰ ਉਤਸ਼ਾਹਿਤ ਕਰਦਾ ਹੈ।ਇਹ ਥੀਮ ਮਨੁੱਖਾਂ ਅਤੇ ਉਨ੍ਹਾਂ ਦੇ ਵਾਤਾਵਰਣ ਵਿਚਕਾਰ ਨਾਜ਼਼ੁਕ ਸਬੰਧਾਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਚੁਣਿਆ ਗਿਆ ਸੀ, ਜਿਸ ਵਿੱਚ ਜਲਵਾਯੂ ਤਬਦੀਲੀ ਅਤੇ ਸਥਿਰਤਾ `ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ।ਇਸ ਫੈਸਟੀਵਲ ਵਿੱਚ 150 ਤੋਂ ਵੱਧ ਆਰਟ ਸਥਾਪਨਾਵਾਂ, ਮੂਰਤੀਆਂ, ਪੇਂਟਿੰਗਾਂ ਅਤੇ ਫੋਟੋਆਂ ਪ੍ਰਦਰਸ਼ਿ਼ਤ ਕੀਤੀਆਂ ਜਾਣਗੀਆਂ।ਇਸ ਸਾਲ ਸਹਿਯੋਗੀਆਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ, ਖਾਲਸਾ ਕਾਲਜ ਆਫ ਐਜੂਕੇਸ਼ਨ, ਇੰਟਰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਸ਼ਾਈਨ (ਆਈ.ਐਨ.ਆਈ.ਐਫ.ਡੀ) ਅਤੇ ਇੰਡੀਅਨ ਕ੍ਰਿਏਟਿਵ ਯੂਨਿਟੀ ਸ਼ਾਮਲ ਹਨ।ਇਸ ਸਾਲ ਆਪਣੀਆਂ ਰਚਨਾਵਾਂ ਪ੍ਰਦਰਸ਼ਿਤ ਕਰਨ ਵਾਲੇ ਕੁੱਝ ਪ੍ਰਸਿੱਧ ਕਲਾਕਾਰਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਡਾ. ਲਲਿਤ ਗੋਪਾਲ, ਪ੍ਰੋ. ਸੰਦੀਪ ਜੁਤਸ਼ੀ, ਕੁਮਾਰ ਵੈਭਵ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ; ਖਾਲਸਾ ਕਾਲਜ ਆਫ਼ ਐਜੂਕੇਸ਼ਨ ਤੋਂ ਡਾ: ਮਨਦੀਪ ਕੌਰ ਅਤੇ ਸਹਾਇਕ ਪ੍ਰੋ: ਵਿਨੈ ਵੈਦ ਅਤੇ ਬ੍ਰਜੇਸ਼ ਜੌਲੀ।ਵੀ.ਆਰ ਅੰਬਰਸਰ ਵੈਨਿਊ ਪਾਰਟਨਰ ਹਨ ਅਤੇ ਇਸ ਫੈਸਟੀਵਲ ਨੂੰ ਮਾਈ ਐਫ.ਐਮ, ਡਿਆਜੀਓ, ਤਾਜ ਸਵਰਨ, ਕਲਰ ਲਾਊਂਜ ਅਤੇ ਗੋਲਡਨ ਸਿਟੀ ਡਿਜ਼ੀਟਲ ਸਟੂਡੀਓ ਦਾ ਵੀ ਸਮਰਥਨ ਪ੍ਰਾਪਤ ਹੈ।
ਲਾਂਚ ਦੀ ਸ਼ੁਰੂਆਤ ਕਲਾਕਾਰ ਡਾ. ਬਲਜਿੰਦਰ ਗਿੱਲ ਦੁਆਰਾ ਪੇਂਟ ਕੀਤੇ ਗਏ `ਕਾਲਾ ਕਾਰ` ਦੇ ਉਦਘਾਟਨ ਨਾਲ ਹੋਈ।ਇਸ ਤੋਂ ਬਾਅਦ ਇੰਟਰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨ (ਆਈ.ਐਨ.ਆਈ.ਐਫ.ਡੀ) ਦੁਆਰਾ ਪੇਸ਼਼ ਕੀਤੇ ਗਏ ਫੈਸ਼ਨ ਸ਼ੋਅਕੇਸ “ਪਹਿਨਣਯੋਗ ਕਲਾ” ਅਤੇ 2023 ਦੀ ਕਲਾ ਪ੍ਰਦਰਸ਼ਨੀ ਦੇ ਨਾਲ `ਏ ਫਾਈਨ ਬੈਲੇਂਸ` ਦੀ ਸਮਾਪਤੀ ਹੋਈ।ਸਥਾਨ ਭਾਈਵਾਲ, ਵੀ.ਆਰ ਅੰਬਰਸਰ, ਕਲਾਤਮਕ ਗਤੀਵਿਧੀਆਂ ਦਾ ਕੇਂਦਰ ਹੋਵੇਗਾ, ਜਿਸ ਵਿ ਚ ਸਥਾਪਨਾਵਾਂ, ਪ੍ਰਦਰਸ਼ਨੀਆਂ, ਇੱਕ ਕਲਾ ਬਾਜ਼ਾਰ, ਕਲਾ ਵਰਕਸ਼ਾਪਾਂ, ਨੌਜਵਾਨ ਕਲਾਕਾਰ ਪ੍ਰੋਗਰਾਮ ਅਤੇ ਕਈ ਹੋਰ ਦਿਲਚਸਪ ਸਮਾਗਮ ਹੋਣਗੇ।
ਪੰਜਾਬ ਆਰਟ ਇਨੀਸ਼ੀਏਟਿਵ ਦੀ ਕਿਊਰੇਟਰ ਸੁਮੀ ਗੁਪਤਾ ਨੇ ਕਿਹਾ, “ਮੈਂ ਇਸ ਸ਼ਾਨਦਾਰ ਪ੍ਰੋਜੈਕਟ ਨੂੰ ਚਲਾਉਣ ਲਈ ਬਹੁਤ ਖੁਸ਼ ਹਾਂ।ਜਿਸ ਵਿੱਚ ਅੰਮ੍ਰਿਤਸਰ ਦੀਆਂ ਸੰਸਥਾਵਾਂ ਅਤੇ ਵਿਦਿਆਰਥੀ ਕਲਾਕਾਰਾਂ ਨਾਲ ਸ਼ਾਨਦਾਰ ਸਹਿਯੋਗ ਹੈ, ਜੋ ਵੱਡੇ ਪੱਧਰ `ਤੇ ਸਥਾਪਨਾਵਾਂ, ਮੂਰਤੀਆਂ, ਮਿਸ਼ਰਤ ਮੀਡੀਆ ਵਰਕਸ ਅਤੇ ਫੋਟੋਗ੍ਰਾਫੀ ਲਈ ਇੱਕ ਜੀਵੰਤ ਪਲੇਟਫਾਰਮ ਤਿਆਰ ਕਰਦਾ ਹੈ।ਪੰਜਾਬ ਆਰਟ ਇਨੀਸ਼ੀਏਟਿਵ- ਅੰਮ੍ਰਿਤਸਰ ਐਡੀਸ਼ਨ 2023 ਸ਼ਹਿਰ ਦੀ ਕਲਾ ਅਤੇ ਸੱਭਿਆਚਾਰ ਦੇ ਜਸ਼ਨਾਂ ਵਿੱਚ ਕਲਾਕਾਰਾਂ, ਕਲਾ ਵਿਦਿਆਰਥੀਆਂ, ਸਰਪ੍ਰਸਤਾਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਲੋਕਾਂ ਦੇ ਭਾਈਚਾਰੇ ਨੂੰ ਇਕੱਠਾ ਕਰਦਾ ਹੈ।ਇਸ ਤਰ੍ਹਾਂ ਦੇ ਤਿਉਹਾਰਾਂ ਰਾਹੀਂ, ਅਸੀਂ ਨਾ ਸਿਰਫ ਉੱਭਰ ਰਹੇ ਕਲਾਕਾਰਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਾਂ, ਬਲਕਿ ਸ਼ਹਿਰ ਦੀ ਅਮੀਰ ਵਿਰਾਸਤ ਪ੍ਰਤੀ ਆਪਣੇਪਣ ਅਤੇ ਸਤਿਕਾਰ ਦੀ ਭਾਵਨਾ ਵੀ ਪੈਦਾ ਕਰਦੇ ਹਾਂ।
ਪੰਜਾਬ ਆਰਟ ਇਨੀਸ਼ੀਏਟਿਵ – ਅੰਮ੍ਰਿਤਸਰ ਐਡੀਸ਼ਨ ਨੂੰ ਯੁਜ ਆਰਟਸ ਫਾਊਂਡੇਸ਼ਨ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਵੀਆਰ ਅੰਬਰਸਰ ਦੀ ਕਨੈਕਟਿੰਗ ਕਮਿਊਨਿਟੀਜ਼ ਪਹਿਲਕਦਮੀ ਦਾ ਵੀ ਹਿੱਸਾ ਹੈ ਜਿਸਦਾ ਉਦੇਸ਼ ਨਾਗਰਿਕ ਮਾਣ ਨੂੰ ਉਤਸ਼ਾਹਤ ਕਰਨਾ, ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨਾ ਅਤੇ ਸ਼ਹਿਰ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਸ ਨੂੰ ਵਧਾਉਣਾ ਹੈ।