Friday, July 26, 2024

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ (ਵਿਆਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ)

ਮਾਤਾ ਸੁਲੱਖਣੀ ਜੀ ਦੇ ਪਿਤਾ ਮੂਲ ਚੰਦ ਚੋਣਾ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਜੋ ਕਿ ਜੱਦੀ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਦੇ ਰਹਿਣ ਵਾਲੇ ਸਨ।ਉਸ ਸਮੇਂ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਬਟਾਲਾ ਸ਼ਹਿਰ ਵਿੱਚ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਇਥੇ ਰਹਿੰਦਿਆਂ ਹੋਇਆਂ ਹੀ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਵਿਖੇ ਸੰਨ 1473 ਈ: ਨੂੰ ਜਗਤ ਮਾਤਾ ਸੁਲੱਖਣੀ ਜੀ ਦਾ ਇਸ ਪਾਵਨ-ਪਵਿੱਤਰ ਅਸਥਾਨ ‘ਤੇ ਜਨਮ ਹੋਇਆ।ਜਨਮ ਤੋਂ ਲੈ ਕੇ ਵਿਆਹ ਤੱਕ ਮਾਤਾ ਸੁਲੱਖਣੀ ਜੀ ਇਸ ਘਰ ਵਿੱਚ ਰਹੇ।
ਬਾਅਦ ਵਿੱਚ ਇਸ ਅਸਥਾਨ ‘ਤੇ ਹੀ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਭਾਦੋਂ ਸੁਦੀ ਸੱਤਵੀਂ ਸੰਮਤ ਬਿਕਰਮੀ 1544 ਮੁਤਾਬਿਕ 12 ਸਤੰਬਰ ਸੰਨ 1487 ਈਸਵੀ ਨੂੰ ਜਗਤ ਮਾਤਾ ਸੁਲੱਖਣੀ ਜੀ ਨਾਲ ਹੋਇਆ।ਵਿਆਹ ਨੂੰ ਨੇਪੜੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਗੁਰੂ ਨਾਨਕ ਸਾਹਿਬ ਜੀ ਦੇ ਜੀਜਾ ਜੈ ਰਾਮ ਜੀ ਵਲੋਂ ਨਿਭਾਈ ਗਈ ਸੀ ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਦੋਂ ਬਰਾਤ ਇਥੇ ਪਹੁੰਚੀ ਤਾਂ ਬਰਾਤ ਦਾ ਠਹਿਰਾਓ ਘਰ ਦੇ ਨਜ਼ਦੀਕ ਇੱਕ ਪੁਰਾਤਨ ਹਵੇਲੀ ਵਿੱਚ ਕੀਤਾ ਗਿਆ ਸੀ।ਜਿਥੇ ਹੁਣ ਸੁੰਦਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ‘ਗੁਰਦੁਆਰਾ ਸ੍ਰੀ ਡੇਹਰਾ ਸਾਹਿਬ’ ਅਸਥਾਨ ‘ਚ ਹੋਈਆਂ ਸਨ।ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਮੂਲ ਮੰਤਰ ਲਿਖ ਕੇ ਚਾਰ ਲਾਵਾਂ ਨਾਲ ਸੰਪਨ ਕੀਤਾ ਗਿਆ ਸੀ ।
ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਜਦੋਂ ਮੂਲ ਚੰਦ ਜੀ ਪਟਵਾਰੀ ਦੀ ਨੌਕਰੀ ਤੋਂ ਸੇਵਾ-ਮੁਕਤ ਹੋਏ ਤਾਂ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਪੱਖੋਕੇ ਰੰਧਾਵਾ ਰਹਿਣਾ ਸ਼ੁਰੂ ਕਰ ਦਿੱਤਾ ਸੀ।ਬਾਅਦ ਵਿੱਚ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਪੁੱਤਰ ਧੰਨ-ਧੰਨ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ 29 ਵੈਸਾਖ ਸੰਨ 1624 (ਸੰਮਤ 1681) ਨੂੰ ਬਟਾਲਾ ਸ਼ਹਿਰ ਆਏ ਸਨ, ਜਿਥੇ ਹੁਣ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਸੁਸ਼ੋਭਿਤ ਹੈ।ਉਸ ਸਮੇਂ ਬਰਾਤ ਦੇ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪੁੱਤਰੀ ਬੀਬੀ ਵੀਰੋ ਜੀ, ਸਾਂਢੂ ਭਾਈ ਸਾਂਈ ਦਾਸ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਦਾਤੂ ਜੀ ਆਦਿ ਨਾਲ ਸੰਗਤਾਂ ਵੀ ਆਈਆਂ ਸਨ।ਉਸ ਸਮੇਂ ਇਹ ਪਵਿੱਤਰ ਅਸਥਾਨ ਪ੍ਰਗਟ ਹੋਇਆ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਯਾਦਗਾਰ ਦੇ ਰੂਪ ਵਿੱਚ ‘ਥੜ੍ਹਾ ਸਾਹਿਬ’ ਬਣਵਾਇਆ ਗਿਆ ਸੀ, ਜੋ ਅੱਜ ਵੀ ਮੌਜ਼ੂਦ ਹੈ।
ਇਸੇ ਅਸਥਾਨ ‘ਤੇ ਮਾਤਾ ਸੁਲੱਖਣੀ ਜੀ ਦੇ ਘਰ ਦੀ ਪਵਿੱਤਰ ਇਤਿਹਾਸਕ ਖੂਹੀ ਹੈ।ਛੇਵੇਂ ਪਾਤਿਸ਼ਾਹਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰ ਦਿੱਤਾ ਸੀ ਕਿ ਇਸ ਖੂਹੀ ਦਾ ਜਲ ਛਕਣ ਨਾਲ ਅਸਾਧ ਰੋਗ ਦੂਰ ਹੋਣਗੇ।
ਇਤਿਹਾਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਸੰਨ 1785 ਈ: ਵਿੱਚ ਕਨ੍ਹਈਆ ਮਿਸਲ ਦੀ ਮਹਾਰਾਣੀ ਸਦਾ ਕੌਰ (ਜੋ ਕਿ ਉਸ ਸਮੇਂ ਬਟਾਲਾ ਸ਼ਹਿਰ ਤੇ ਰਾਜ ਕਰਦੇ ਸਨ) ਦੀ ਪੁੱਤਰੀ ਬੀਬੀ ਮਹਿਤਾਬ ਕੌਰ ਨਾਲ ਹੋਇਆ ਸੀ।ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਇਆ, ਜੋ ਮਹਾਰਾਜਾ ਸ਼ੇਰ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਏ।ਬਹੁਤਾ ਸਮਾਂ ਮਹਾਰਾਜਾ ਸ਼ੇਰ ਸਿੰਘ ਵੱਲੋਂ ਆਪਣੀ ਨਾਨੀ ਮਹਾਰਾਣੀ ਸਦਾ ਕੌਰ ਕੋਲ ਬਟਾਲਾ ਵਿਖੇ ਬਤੀਤ ਕੀਤਾ ਗਿਆ ।
ਇਥੇ ਰਹਿੰਦਿਆਂ ਹੋਇਆਂ ਸ਼ਰਧਾਪੂਰਵਕ ਮਹਾਰਾਜਾ ਸ਼ੇਰ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਪਹਿਲੀ ਇਮਾਰਤ ਦੀ ਉਸਾਰੀ 1837 ਤੋਂ 1840 ਦੇ ਦਰਮਿਆਨ ਕਰਵਾਈ ਗਈ।ਜਿਸ ਨੂੰ ਚਾਰ ਚਾਂਦੀ ਦੇ ਦਰਵਾਜਿਆਂ ਨਾਲ ਸਜਾਇਆ ਗਿਆ ਸੀ।ਮਹਾਰਾਜਾ ਸ਼ੇਰ ਸਿੰਘ ਵੱਲੋਂ ਇਸ ਅਸਥਾਨ ਦਾ ਨਾਮ ‘ਗੁਰਦੁਆਰਾ ਸ੍ਰੀ ਡੇਹਰਾ ਸਾਹਿਬ’ ਰੱਖਿਆ ਜੋ ਪਹਿਲਾਂ ਮੂਲ ਚੰਦ ਦਾ ਡੇਰਾ ਅਖਵਾਉਂਦਾ ਸੀ ।
ਹੁਣ ਇਸ ਪਾਵਨ-ਪਵਿੱਤਰ ਅਸਥਾਨ ‘ਤੇ ਹਰ ਸਾਲ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ-ਮਾਤਾ ਸੁਲੱਖਣੀ ਜੀ ਦਾ ਵਿਆਹ-ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 2209202301

ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇੇਟ ਅਵਾਰਡੀ)
ਗਰੇਟਰ ਕੈਲਾਸ਼, ਬਟਾਲਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …