Saturday, April 18, 2026

ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੂਜਾ ਜ਼ੋਨਲ ਯੁਵਕ ਮੇਲਾ

ਕਲਾ ਅਤੇ ਵਿਗਿਆਨ ਇਕੋ ਸਿੱਕੇ ਦੇ ਦੋ ਪਹਿਲੂ – ਸਾਬਕਾ ਚੇਅਰਮੈਨ ਯੂ.ਜੀ.ਸੀ
ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਚੇਅਰਮੈਨ, ਪ੍ਰੋ. ਵੇਦ ਪ੍ਰਕਾਸ਼ ਨੇ ਕਿਹਾ ਹੈ ਕਿ ਕਲਾ ਅਤੇ ਵਿਗਿਆਨ ਨੂੰ ਵੱਖੋ ਵੱਖਰੇ ਪੱਖਾਂ ਤੋਂ ਨਹੀਂ ਸਗੋਂ ਸਮੁੱਚੇ ਤੌਰ `ਤੇ ਹੀ ਸਮਝਿਆ ਜਾਣਾ ਚਾਹੀਦਾ ਹੈ।ਜੇ ਅਜਿਹਾ ਨਹੀਂ ਕਰਾਂਗੇ ਤਾਂ ਇਸ ਦੇ ਨਤੀਜੇ ਸਾਰਥਕ ਨਹੀਂ ਹੋਣਗੇ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਸ਼ੁਰੂ ਹੋਏ ਦੂਜੇ ਯੁਵਕ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ।ਉਨ੍ਹਾਂ ਦਾ ਆਡੀਟੋਰੀਅਮ ਵਿਖੇ ਪੁੱਜਣ `ਤੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਯੁਵਕ ਮਾਮਲਿਆਂ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਵਿਚ ਵੀਹ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਲਗਪਗ 500 ਕਲਾਕਾਰ ਵਿਦਿਆਰਥੀ ਹਿੱਸਾ ਲੈ ਰਹੇ ਹਨ ਜੋ ਤਿੰਨ ਵੱਖ ਵੱਖ ਸਟੇਜਾਂ `ਤੇ 35 ਦੇ ਕਰੀਬ ਮੁਕਾਬਲਿਆਂ ਵਿਚ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਭੰਗੜਿਆਂ ਦੀ ਧਮਾਲ ਨਾਲ ਹੋਈ ਜਿਸ ਵਿਚ ਵੱਖ ਵੱਖ ਕਾਲਜਾਂ ਦੀਆਂ ਭੰਗੜਾਂ ਟੀਮਾਂ ਨੇ ਪੰਜਾਬੀ ਲੋਕ ਨਾਚ ਭੰਗੜੇ `ਚ ਆਪਣੇ ਬਲ ਵਿਖਾਏ ਜਿਸ ਦਾ ਮੁੱਖ ਮਹਿਮਾਨ ਤੋਂ ਇਲਾਵਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾ. ਬੇਦੀ ਨੇ ਡਾ. ਪ੍ਰਕਾਸ਼ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਨੇ ਭੰਗੜਾ ਕਲਾਕਾਰਾਂ ਦੇ ਨਾਲ ਆਪਣੀਆਂ ਯਾਦਗਾਰੀ ਤਸਵੀਰਾਂ ਵੀ ਉਚੇਚੇ ਤੌਰ `ਤੇ ਖਿਚਵਾਈਆਂ।
ਸਾਬਕਾ ਚੇਅਰਮੈਨ ਨੇ ਯੁਵਕ ਮੇਲੇ ਵਿੱਚ ਭਾਗ ਲੈ ਰਹੇ ਵਿਦਿਆਰਥੀ ਕਲਾਕਾਰਾਂ ਨੂੰ ਜਿਥੇ ਸ਼ੁਭ ਕਾਮਨਾਵਾਂ ਦਿੱਤੀਆਂ ਉਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਵੀ ਅਜਿਹੇ ਸਫਲ ਯੁਵਕ ਮੇਲੇ ਕਰਵਾਉਣ ਅਤੇ ਗੁਰੂ ਨਾਨਕ ਦੇੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸਥਾਨ ਦਿਵਾਉਣ ਦੀ ਭਰਪੂਰ ਸ਼ਲਾਘਾ ਕਰਦਿਆਂ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਇਹ ਮੇਲੇ ਉਨ੍ਹਾਂ ਦੀ ਅੰਦਰਲੀ ਪ੍ਰਤੀਭਾ ਨੂੰ ਉਭਾਰਨ ਲਈ ਅਹਿਮ ਰੋਲ ਅਦਾ ਕਰਦੇ ਹਨ।
ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਅੱਜ ਹੋਏ ਮੁਕਾਬਲਿਆਂ ਵਿਚ ਭੰਗੜਾ, ਲੋਕ ਸਾਜ਼, ਵੈਸਟਰਨ ਵੋਕਲ ਸੋਲੋ, ਸਮੂਹ ਗਾਇਨ ਪੱਛਮੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ।ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ `ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਵੋਕਲ, ਸਮੂਹ ਸ਼ਬਦ ਭਜਨ, ਸਮੂਹ ਗੀਤ ਦੀਆਂ ਆਈਟਮਾਂ ਵਿੱਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਬਾਖੂਬੀ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਪੇਂਟਿੰਗ ਆਨ ਦ ਸਪੌਟ `ਚ ਭਾਗ ਲੈ ਕੇ ਵੱਖ ਵੱਖ ਵਿਸ਼ਿਆਂ ਨੂੰ ਰੰਗਾਂ `ਚ ਉਤਾਰਿਆ ਜਿਸ ਨੂੰ ਵਿਦਿਆਰਥੀ ਬੜੀ ਨੀਝ ਦੇ ਨਾਲ ਤੱਕਦੇ ਨਜ਼ਰ ਆ ਰਹੇ ਸਨ।ਇਥੇ ਹੀ ਕਾਰਟੂਨਿੰਗ, ਕੋਲਾਜ਼, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦ ਸਪੌਟ ਫੋਟੋਗਰਾਫੀ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਸਨ।
6 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਹੋਣ ਵਾਲੇ ਮੁਕਾਬਲਿਆਂ ‘ਚ ਪਹਿਰਾਵਾ ਪਰੇਡ, ਮਾਈਮ, ਮਮਿਕਰੀ, ਸਕਿੱਟ ਤੇ ਇਕਾਂਗੀ ਅਤੇ ਗੁਰੂ ਨਾਨਕ ਭਵਨ ਆਡੀਟਰੀਅਮ ਦੇ ਵਿਚ ਗੀਤ ਗਜ਼ਲ ਤੇ ਲੋਕ ਗੀਤ ਦੇ ਮੁਕਾਬਲਿਆਂ ਤੋਂ ਇਲਾਵਾ ਕਾਨਫਰੰਸ ਹਾਲ ਦੇ ਵਿਚ ਡੀਬੇਟ ਦੇ ਮੁਕਾਬਲੇ ਹੋਣਗੇ।ਇਸੇ ਦਿਨ ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲੇ ਹੋਣਗੇ।
ਅੰਤਿਮ ਦਿਨ 7 ਅਕਤੂਬਰ ਨੂੰ ਲੋਕ ਨਾਚ ਗਿੱਧੇ ਨਾਲ ਇਹ ਯੁਵਕ ਮੇਲਾ ਆਪਣੀ ਸਮਾਪਤੀ ਵੱਲ ਵਧੇਗਾ। ਇਸ ਦਿਨ ਦਸਮੇਸ਼ ਆਡੀਟੋਰੀਅਮ ਵਿਚ ਡਡਕਲਾਸੀਕਲ ਨਾਚ, ਆਮ ਨਾਚ ਤੋਂ ਇਲਾਵਾ ਗਿੱਧੇ ਦੇ ਮੁਕਾਬਲੇ ਹੋਣਗੇ। ਗੁਰੂ ਨਾਨਕ ਭਵਨ ਦੀ ਸਟੇਜ਼ `ਤੇ ਵਾਰ ਗਾਇਨ ਅਤੇ ਕਵਿਸ਼ਰੀ ਦੇ ਮੁਕਾਬਲੇ ਅਤੇ ਕਾਨਫਰੰਸ ਹਾਲ ਵਿੱਚ ਕੁਇਜ਼ (ਪ੍ਰੀਲਿਮਨਰੀ) ਦੇ ਮੁਕਾਬਲਿਆਂ ਤੋਂ ਬਾਅਦ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਤਕਸੀਮ ਕੀਤੀਆ ਜਾਣਗੀਆਂ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …