ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਯੁਵਕ ਮੇਲੇ ਦਾ ਦੂਜਾ ਦਿਨ
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਰਕਾਰੀ, ਕਾਂਸਟੀਚੁਐਂਟ ਕਾਲਜਾਂ
ਅਤੇ ਐਸੋਸੀਏਟਸ ਇੰਸਟੀਚਿਊਟ ਦੇ ਚੱਲ ਰਹੇ ਦੂਜੇ ਯੁਵਕ ਮੇਲੇ ਦੇ ਦੂਜੇ ਦਿਨ ਵਿਦਿਆਰਥੀ ਕਲਾਕਾਰਾਂ ਨੇ ਸਕਿੱਟਾਂ ਰਾਹੀਂ ਜਿਥੇ ਦਰਸ਼ਕਾਂ ਨੂੰ ਹਸਾ ਹਸਾ ਕੇੇ ਉਨ੍ਹਾਂ ਦੀਆਂ ਵੱਖੀਆਂ ਦੂਹਰੀਆਂ ਕਰਾ ਦਿੱਤੀਆਂ ਉਥੇ ਉਨ੍ਹਾਂ ਨੇ ਸਮਾਜ ਦੇ ਵੱਖ-ਵੱਖ ਮੁੱਦਿਆਂ `ਤੇ ਗੰਭੀਰ ਚੋਟਾਂ ਕਰਦਿਆਂ ਦਰਸ਼ਕਾਂ ਨੂੰ ਸਮਾਜ ਦੀ ਬਿਹਤਰੀ ਲਈ ਕੁੱਝ ਕਰਨ ਦਾ ਸੰਦੇਸ਼ ਵੀ ਦਿੱਤਾ।12 ਟੀਮਾਂ ਨੇ ਵੱਖ-ਵੱਖ ਸਕਿੱਟਾਂ ਰਾਹੀਂ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਖਾਸ ਕਰਕੇ ਪਾਖੰਡੀ ਬਾਬਿਆਂ ਦੇ ਰੋਲ ਨੂੰ ਉਭਾਰਿਆ ਜਿਹੜੇ ਸਮਾਜ ਨੂੰ ਸਹੀ ਦਿਸ਼ਾ ਦੇਣ ਦੀ ਥਾਂ ਲਾਲਚ ਅਤੇ ਸਵਾਰਥ ਤਹਿਤ ਸਮਾਜ ਦਾ ਕੋਈ ਵੀ ਭਲਾ ਨਹੀਂ ਕਰ ਰਹੇ।ਸਕਿੱਟਾਂ ਵਿੱਚ ਵਿਦਿਆਰਥੀ ਕਲਾਕਾਰਾਂ ਦੀ ਕਲਾ ਪ੍ਰੋੜ ਕਲਾਕਾਰਾਂ ਵਰਗੀ ਨਜ਼ਰ ਆ ਰਹੀ ਸੀ।ਸਾਡੇ ਆਧੁਨਿਕ ਸਮਾਜ ਵਿਚ ਰਿਸ਼ਤਿਆਂ ਵਿੱਚ ਆ ਰਹੀਆਂ ਨੈਤਿਕ ਗਿਰਾਵਟਾਂ ਨੂੰ ਵੀ ਵੱਖ ਵੱਖ ਸਕਿੱਟਾਂ ਦਾ ਆਧਾਰ ਬਣਾਇਆ ਗਿਆ।
ਇਸ ਤੋਂ ਬਾਅਦ ਚਾਰ ਟੀਮਾਂ ਵੱਲੋਂ ਇਕਾਂਗੀ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ।ਇਨ੍ਹਾਂ ਚਾਰ ਇਕਾਂਗੀਆਂ ਦਾ ਵਿਸ਼ਾ ਬਹੁਤ ਹੀ ਗੰਭੀਰ ਸੀ ਅਤੇ ਇਨ੍ਹਾਂ ਵਿਚ ਕੁੱਝ ਸਮਾਜਿਕ ਕੁਰੀਤੀਆਂ ਦੇ ਨਾਲ ਨਾਲ ਕੁੱਝ ਨਵੇੇਂ ਸਮਾਜਿਕ ਮੁੱਦਿਆਂ ਨੂੰ ਵੀ ਉਭਾਰਿਆ ਗਿਆ।ਸੋਸ਼ਲ ਮੀਡੀਆ ਦੇ ਸਮਾਜ ਅਤੇ ਰਿਸ਼ਤਿਆਂ `ਤੇ ਪੈ ਰਹੇ ਅਸਰ ਤੋਂ ਬਚਣ ਅਤੇ ਇਨ੍ਹਾਂ ਦੀ ਸਹੀ ਵਰਤੋਂ ਲਈ ਸੋਚ ਪੈਦਾ ਕਰਨ ਦਾ ਹੋਕਾ ਦਿੱਤਾ।ਵਿਦਿਆਰਥੀ ਕਲਾਕਾਰਾਂ ਦੀਆਂ ਚਾਰ ਸਫਲ ਪੇਸ਼ਕਾਰੀਆਂ ਨੇ ਜੱਜ ਸਹਿਬਾਨ ਨੂੰ ਵੀ ਫੈਸਲਾ ਲੈਣ ਦੇ ਵਿਚ ਔਖਿਆਈ ਪੈਦਾ ਕਰ ਦਿੱਤੀ।
ਇਸ ਤੋਂ ਪਹਿਲਾਂ ਮਮਿਕਰੀ ਵਿੱਚ ਵੀ ਵਿਦਿਆਰਥੀਆਂ ਦੀ ਕਲਾ ਸਿਰ ਚੜ ਕੇੇ ਬੋਲ ਰਹੀ ਸੀ। ਵਿਦਿਅਸਾਰਥੀ-ਕਲਾਕਾਰਾਂ ਵੱਲੋਂ ਵੱਖ-ਵੱਖ ਪੰਛੀਆਂ, ਜਾਨਵਰਾਂ, ਮਸ਼ੀਨਾਂ, ਗਾਇਕਾਂ, ਫਿਲਮੀ ਕਲਾਕਾਰਾਂ ਅਤੇ ਹੋਰ ਕਲਾ ਨਾਲ ਲਬਰੇਜ਼ ਵੱਖ-ਵੱਖ ਅਵਾਜਾਂ ਦੀ ਪੇੇਸ਼ਕਾਰੀ ਦੇ ਕਾਰਨ ਦਰਸ਼ਕਾਂ ਨੇ ਤਾੜੀਆਂ ਦੀ ਗੂੰਜਾਂ ਨਾਲ ਉਨ੍ਹ੍ਹਾਂ ਦੀ ਕਲਾਕਾਰੀ ਦੀ ਪ੍ਰਸੰਸਾ ਕੀਤੀ।
ਡੀਨ ਅਕਾਦਮਿਕ ਮਾਮਲੇ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਚੱਲ ਰਹੇ ਯੁੁਵਕ ਮੇਲਿਆਂ ਵਿਚ ਵਿਦਿਆਰਥੀਆਂ ਵੱਲੋਂ ਬਹੁਤ ਚਾਅ ਤੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ।ਵਿਦਿਆਰਥੀ ਬਹੁਤ ਅਨੁਸ਼ਾਸਨ ਵਿਚ ਰਹਿ ਕੇ ਇਸ ਯੁਵਕ ਮੇਲੇ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਵਿਦਿਆਰਥੀ ਦੀ ਜ਼ਿੰਦਗੀ ਵਿਚ ਚਿਰਾਂ ਤਕ ਆਪਣੀ ਯਾਦ ਸਮੋਈ ਰਖਦੇ ਹਨ ਇਸ ਕਰਕੇ ਇਸ ਵਾਰ ਪਹਿਲੀ ਵਾਰ ਦਸਮੇਸ਼ ਆਡੀਟੋਰੀਅਮ ਦੇ ਬਾਹਰ ਦੋ ਸੈੈਲਫੀ ਪੁਆਇੰਟ ਵੀ ਲਗਾਏ ਗਏ ਹਨ ਜਿਸ `ਤੇ ਸਾਡੇੇ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਨੂੰ ਸ਼ਾਬਦਿਕ ਰੂਪ ਅਤੇ ਕਲਾਕ੍ਰਿਤ ਰਾਹੀਂ ਪੇਸ਼ ਕੀਤਾ ਗਿਆ ਹੈ।ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਆ ਰਹੇ ਅਧਿਆਪਕ ਸਾਹਿਬਾਨ ਵੀ ਆਪਣੀਆਂ ਯਾਦਗਾਰੀ ਤਸਵੀਰਾਂ ਖਿੱਚਣਾ ਨਹੀਂ ਭੁੱਲ ਰਹੇ।ਉਨ੍ਹਾਂ ਨੇ ਦੱਸਿਆ ਕਿ 6 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਯੁਵਕ ਮੇਲਿਆਂ ਲਈ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਸਫਲਤਾ ਪੂਰਵਕ ਅੱਗੇ ਵਧ ਰਿਹਾ ਹੈ।ਉਨ੍ਹ੍ਹਾਂ ਕਿਹਾ ਕਿ ਯੁਵਕ ਮਾਮਲਿਆਂ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਬਾਖੂਬੀ ਇਸ ਯੁਵਕ ਮੇਲੇ ਨੂੰ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹ ਰਹੇ ਹਨ।
ਦਸਮੇਸ਼ ਆਡੀਟੋਰੀਅਮ ਵਿਚ ਹੋਏ ਅੱਜ ਹੋਏ ਮੁਕਾਬਲਿਆਂ ਵਿਚ ਪਹਿਰਾਵਾ ਪਰੇਡ, ਮਾਈਮ, ਮਮਿਕਰੀ, ਸਕਿੱਟ ਤੇ ਇਕਾਂਗੀ ਅਤੇ ਗੁਰੂ ਨਾਨਕ ਭਵਨ ਆਡੀਟਰੀਅਮ ਦੇ ਵਿਚ ਗੀਤ ਗਜ਼ਲ ਤੇ ਲੋਕ ਗੀਤ ਦੇ ਮੁਕਾਬਲਿਆਂ ਤੋਂ ਇਲਾਵਾ ਕਾਨਫਰੰਸ ਹਾਲ ਦੇ ਵਿਚ ਡੀਬੇਟ ਦੇ ਮੁਕਾਬਲੇ ਕਰਵਾਏ ਗਏ।ਇਸੇ ਦਿਨ ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲੇ ਵੀ ਕਰਵਾਏ ਗਏ।ਇਸ ਯੁਵਕ ਮੇਲੇ ਦੇ ਆਖਰੀ ਦਿਨ 7 ਅਕਤੂਬਰ ਨੂੰ ਲੋਕ ਨਾਚ ਗਿੱਧੇ ਨਾਲ ਇਹ ਯੁਵਕ ਮੇਲਾ ਆਪਣੀ ਸਮਾਪਤੀ ਵੱਲ ਵਧੇਗਾ।ਇਸ ਦਿਨ ਦਸਮੇਸ਼ ਆਡੀਟੋਰੀਅਮ ਵਿਚ ਡਡਕਲਾਸੀਕਲ ਨਾਚ, ਆਮ ਨਾਚ ਤੋਂ ਇਲਾਵਾ ਗਿੱਧੇ ਦੇ ਮੁਕਾਬਲੇ ਹੋਣਗੇ। ਗੁਰੂ ਨਾਨਕ ਭਵਨ ਦੀ ਸਟੇਜ `ਤੇ ਵਾਰ ਗਾਇਨ ਅਤੇ ਕਵਿਸ਼ਰੀ ਦੇ ਮੁਕਾਬਲੇ ਅਤੇ ਕਾਨਫਰੰਸ ਹਾਲ ਵਿਚ ਕੁਇਜ਼ (ਪ੍ਰੀਲਿਮਨਰੀ) ਦੇ ਮੁਕਾਬਲਿਆਂ ਤੋਂ ਬਾਅਦ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਤਕਸੀਮ ਕੀਤੀਆ ਜਾਣਗੀਆਂ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media