ਸਮਰਾਲਾ, 9 ਅਕਤੂਬਰ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਲਾ ਵਿਖੇ
ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਾ. ਤਰਲੋਚਨ ਸਿੰਘ ਦੇ ਸਬੰਧ ਵਿੱਚ ਕੀਤੇ ਜਾਣ ਵਾਲੇ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਗਈ।ਮੰਚ ਦੇ ਮੀਤ ਪ੍ਰਧਾਨ ਰਾਜਵਿੰਦਰ ਸਮਰਾਲਾ ਦੇ ਪਿਤਾ ਸਦੀਵੀਂ ਵਿਛੋੜੇ ’ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ੋਕ ਪ੍ਰਗਟ ਕੀਤਾ ਗਿਆ।
ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਨਾਇਬ ਸਿੰਘ ਬਘੌਰ ਨੇ ਕੁਸ਼ਤੀ, ਕਬੱਡੀ, ਗਾਇਕੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਵਧੀਆ ਗੀਤ ਪੇਸ਼ ਕੀਤਾ।ਇਸ ਵਿਸ਼ੇ ਨੂੰ ਇਕੱਠਿਆਂ ਗੀਤ ’ਚ ਪੇਸ਼ ਕਰਨ ਤੇ ਗੀਤਕਾਰ ਦੀ ਸ਼ਲਾਘਾ ਕੀਤੀ ਗਈ।ਬੱਚਿਆਂ ਅਤੇ ਵੱਡਿਆਂ ਦੇ ਸਥਾਪਿਤ ਕਲਾਕਾਰ ਕਮਲਜੀਤ ਨੀਲੋਂ ਨੇ ਕਹਾਣੀ ‘ਰਿਸ਼ਤਾ’ ਪੜ੍ਹੀ ਜਿਸ ਨੂੰ ਸਫਲ ਕਹਾਣੀ ਵਜੋਂ ਪ੍ਰਵਾਨਿਆ ਗਿਆ ਅਤੇ ਇਕ ਗੀਤ ‘ਦਾਦਾ ਅਤੇ ਦਾਦੀ ਦਾ ਪਿਆਰ ਤੂੰ ਸਭਨਾ ਨੂੰ ਦੇਈ ਵੇ ਰੱਬਾ’ ਸੁਣਾ ਕੇ ਵਾਹ ਵਾਹ ਖੱਟੀ।ਅਵਤਾਰ ਸਿੰਘ ਉਟਾਲ ਨੇ ਮਾ. ਤਰਲੋਚਨ ਨੂੰ ਸ਼ਰਧਾਜ਼ਲੀ ਵਜੋਂ ਗੀਤ ਸੁਣਾਇਆ ਅਤੇ ਇਕ ਨਜ਼ਮ ‘ਚੱਕੀ ਦਾ ਪੁੜ ਭਾਰਾ’ ਸੁਣਾ ਕੇ, ਸੱਠ ਸਾਲ ਪਹਿਲਾਂ ਦੇ ਸੰਯੁਕਤ ਪਰਿਵਾਰਾਂ ਤੋਂ ਵੱਖ ਹੋਣ ਦੀ ਇੱਛਾ ਦਾ ਸਲਾਹੁਣਯੋਗ ਬ੍ਰਿਤਾਂਤ ਪੇਸ਼ ਕੀਤਾ।ਮੈਨੇਜਰ ਕਰਮ ਚੰਦ ਨੇ ਅਨਮੋਲ ਬਚਨ ਸੁਣਾਏ ਜਿਵੇਂ ਕਿ, ‘ਕਿਸੇ ਨੂੰ ਏਨੀ ਮਹੱਤਤਾ ਨਾ ਦਿਓ ਕਿ ਉਹ ਤੁਹਾਡੀ ਮੁਸਕਾਨ ਹੀ ਖੋਹ ਲਵੇ’ ਆਦਿ।ਜਵਾਲਾ ਸਿੰਘ ਥਿੰਦ ਨੇ ਅਜੋਕੀ ਪੱਤਰਕਾਰਤਾ ‘ਤੇ ਚੋਟ ਕਰਦੀ ਵਿਅੰਗ ਕਹਾਣੀ ‘ਦੁਸਹਿਰਾ’ ਸੁਣਾਈ ਅਤੇ ਗੰਭੀਰ ਮਿੰਨੀ ਕਹਾਣੀ ‘ਕਾਮਰੇਡ’ ਸੁਣਾ ਕੇ ਇਨਕਲਾਬੀ, ਜੁਝਾਰੂ ਰਹੇ ਸਾਥੀਆਂ ਦੀ ਵਰਤਮਾਨ ਸਥਿਤੀ ਦਾ ਵਰਨਣ ਪੇਸ਼ ਕੀਤਾ।ਗਾਇਕ ਕੇਵਲ ਕੁੱਲੇਵਾਲੀਆ ਨੇ ਗੀਤ ‘ਵਿਛੋੜਾ’ ਅਧਿਆਤਮਕ ਰੰਗਣ ਵਿੱਚ ਗਾਇਆ। ਦਲਜੀਤ ਸ਼ਾਹੀ ਨੇ ਜਨਾਬ ਰਾਹਤ ਇੰਦੌਰੀ ਜੀ ਦੀ ਗ਼ਜ਼ਲ ‘ਅਗਰ ਖਿਲਾਫ਼ ਹੈਂ, ਹੋਨੇ ਦੋ, ਜਾਨ ਥੋੜ੍ਹੀ ਹੈ’ ਸੁਣਾ ਕੇ ਸਾਹਿਤਕ ਮਹੌਲ ਨੂੰ ਜੋਸ਼ੀਲਾ ਬਣਾ ਦਿੱਤਾ।ਹਰਬੰਸ ਮਾਲਵਾ ਨੇ 1947 ਦੀ ਵੰਡ ਨਾਲ ਸਬੰਧਿਤ ਆਰਟੀਕਲ ‘ਉਹਨੀ ਦਿਨੀਂ’ ਸੁਣਾ ਕੇ ਮਹੌਲ ਨੂੰ ਸੰਜ਼ੀਦਾ ਬਣਾ ਦਿੱਤਾ।ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਸਾਰੀਆਂ ਰਚਨਾਵਾਂ ‘ਤੇ ਸਾਰਥਿਕ ਸੁਝਾਅ ਦਿੱਤੇ।
ਜੁਆਲਾ ਸਿੰਘ ਥਿੰਦ ਦਾ ਪੋਤਰਾ ਰਣਵੀਰ ਸਿੰਘ ਅਤੇ ਰਾਜਪਾਲ ਸਿੰਘ, ਦਿੱਗਪਾਲ ਵੀ ਮੀਟਿੰਗ ਦਾ ਹਿੱਸਾ ਬਣੇ ਰਹੇ।ਸਾਰੀਆਂ ਰਚਨਾਵਾਂ ’ਤੇ ਉਸਾਰੂ ਬਹਿਸ ਹੋਈ ਅਤੇ ਮੀਟਿੰਗ ਦੀ ਕਾਰਵਾਈ ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਚਲਾਈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media