ਸਮਰਾਲਾ, 10 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸ਼੍ਰੋਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਵਲੋਂ ਸਿੰਘ ਸਭਾ ਲਹਿਰ ਦਾ 150ਵਾਂ ਸਥਾਪਨਾ ਦਿਵਸ ਨਨਕਾਣਾ
ਸਾਹਿਬ ਪਬਲਿਕ ਸਕੂਲ ਦੇ ਬਾਬਾ ਬੰਦਾ ਬਹਾਦਰ ਯਾਦਗਾਰੀ ਹਾਲ ਵਿੱਚ ਵਿਸ਼ੇਸ਼ ਵਿਚਾਰ ਗੋਸ਼ਟੀ ਦਾ ਆਯੋਜਨ ਕਰਕੇ ਮਨਾਇਆ ਗਿਆ।ਮੰਚ ਸੰਚਾਲਕ ਪ੍ਰੀਤਮਹਿੰਦਰ ਸਿੰਘ ਬੇਦੀ ਨੇ ਸਮਾਗਮ ਦੀ ਆਰੰਭਤਾ ਲਈ ਭਾਈ ਪਰਮਿੰਦਰ ਸਿੰਘ ਪ੍ਰਿੰਸ ਦੇ ਕੀਰਤਨੀ ਜਥੇ ਨੂੰ ਸ਼ਬਦ ਗਾਇਨ ਕਰਨ ਲਈ ਸੱਦਾ ਦਿੱਤਾ ਅਤੇ ਫਿਰ ਵਿਚਾਰ ਗੋਸ਼ਟੀ ਦੇ ਮੁੱਖ ਬੁਲਾਰਿਆਂ ਪ੍ਰਿੰਸੀਪਲ ਬਲਜੀਤ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੂਪਨਗਰ, ਡਾ. ਹਰਭਜਨ ਸਿੰਘ ਸਾਬਕਾ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਬਲਵੀਰ ਸਿੰਘ ਸਾਹਿਤ ਕੇਂਦਰ ਦੇਹਰਦੂਨ ਅਤੇ ਗਿਆਨੀ ਦਿੱਤ ਸਿੰਘ ਦੀਵਾਨ ਖਾਲਸਾ ਫਤਿਹਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਤਾਨ ਨੂੰ ਮੰਚ ਤੇ ਸਸ਼ੋਭਿਤ ਕੀਤਾ।
ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਏ ਮਹਿਮਾਨਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਸੰਗਤਾਂ ਦੀ ਵਿਚਾਰ ਗੋਸ਼ਟੀ ਦੇ ਵਿਸ਼ੇ ‘ਸਿੰਘ ਸਭਾ ਲਹਿਰ ਦਾ ਪਿਛੋਕੜ, ਸਥਾਪਨਾ, ਕਾਰਜ਼ ਅਤੇ ਪ੍ਰਾਪਤੀਆਂ’ ਨਾਲ ਸਾਂਝ ਪੁਆਈ।ਪ੍ਰਿੰਸੀਪਲ ਬਲਜੀਤ ਸਿੰਘ ਨੇ ਸਿੰਘ ਸਭਾ ਲਹਿਰ ਵਲੋਂ ਸਿੱਖੀ ਦੀ ਪੁਨਰ ਸੁਰਜੀਤੀ ਲਈ ਪਾਏ ਵਿਲੱਖਣ ਯੋਗਦਾਨ ਦਾ ਜ਼ਿਕਰ ਕਰਦਿਆਂ ਅਜੋਕੇ ਸਮੇਂ ਵਿੱਚ ਪੰਥ ਨੂੰ ਦਰਪੇਸ਼ ਚੁਤਰਫਾ ਚੁਣੌਤੀਆਂ ਪ੍ਰਤੀ ਸਾਵਧਾਨ ਕੀਤਾ।ਡਾ. ਹਰਭਜਨ ਸਿੰਘ ਨੇ ਆਖਿਆ ਕਿ ਈਸਾਈਆਂ ਦੀ ਮਿਸ਼ਨਰੀ ਲਹਿਰ, ਹਿੰਦੂਆਂ ਦੀ ਆਰੀਆ ਸਮਾਜ ਲਹਿਰ ਤੇ ਮੁਸਲਮਾਨਾਂ ਦੀ ਅਹਿਮਦੀਆ ਲਹਿਰ ਦੇ ਚੱਲਦਿਆਂ ਵਜੋਂ ਸਿੰਘ ਸਭਾ ਲਹਿਰ ਦਾ ਗਠਨ ਹੋਇਆ।ਜਿਸ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਜ਼ੋਰਦਾਰ ਯਤਨ ਕੀਤੇ।ਵਿਦਿਅਕ ਪੱਖੋਂ ਪੰਥ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਸਕੂਲ ਕਾਲਜ ਖੋਲ੍ਹੇ। ਜਸਪਾਲ ਸਿੰਘ ਤਾਨ ਨੇ ਅਜੋਕੇ ਸਮੇਂ ਵਿੱਚ ਪੰਥਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਅਤੇ ਸਿੱਖਾਂ ਵਿੱਚ ਮੁੜ ਜਾਤੀ ਭੇਦ ਭਾਵ ਦੀ ਕਰੁਚੀ ਪੈਂਦਾ ਹੋਣ ‘ਤੇ ਚਿੰਤਾ ਜਾਹਰ ਕੀਤੀ ਅਤੇ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਗਿਆਨੀ ਦਿੱਤ ਸਿੰਘ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕੀਤਾ।ਸਮੁੱਚੀ ਚਰਚਾ ਨੂੰ ਸਮੇਟਦਿਆਂ ਡਾ. ਪਰਮਿੰਦਰ ਸਿੰਘ ਨੇ ਵਿਦਵਾਨਾਂ ਵਲੋਂ ਪ੍ਰਗਟਾਏ ਵਿਚਾਰਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਜਿਸ ਸਿੰਘ ਸਭਾ ਲਹਿਰ ਦੇ ਫਲਸਰੂਪ ਗੁਰਦੁਆਰਾ ਸੁਧਾਰ ਲਹਿਰ, ਗੁਰੂ ਕੇ ਬਾਗ ਦਾ ਮੋਰਚਾ, ਜੈਤੋਂ ਦਾ ਮੋਰਚਾ, ਚਾਬੀਆਂ ਦਾ ਮੋਰਚਾ ਆਦਿ ਸੰਘਰਸ਼ਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਸਿਰਮੌਰ ਪੰਥਕ ਸੰਸਥਾਵਾਂ ਦਾ ਜਨਮ ਹੋਇਆ, ਅੱਜ ਦੇ ਘੋਰ ਨਿਰਾਸ਼ਾ ਦੇ ਦੌਰ ਵਿੱਚ ਉਪਰੋਕਤ ਦੋਨੋਂ ਸੰਸਥਾਵਾਂ ਆਪਣੀ ਜ਼ਿੰਮੇਵਾਰਾਨਾ ਭੂਮਿਕਾ ਨਿਭਾਉਣ ਵਿੱਚ ਸਫ਼ਲ ਨਹੀਂ ਹੋਈਆਂ।
ਇਸ ਉਪਰੰਤ ਸਭਾ ਵਲੋਂ ਪ੍ਰਮੁੱਖ ਵਿਦਵਾਨ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭਾ ਦੇ ਮੁੱਖ ਸੇਵਾਦਾਰ ਲਖਬੀਰ ਸਿੰਘ ਬਲਾਲਾ ਵਲੋਂ ਸਮੂਹ ਸੰਗਤਾਂ ਦਾ ਅਤੇ ਗਿਆਨੀ ਦਿੱਤ ਸਿੰਘ ਗੁਰਮਤਿ ਪ੍ਰਚਾਰ ਸਭਾ ਵਲੋਂ ਪਾਏ ਵਿਸ਼ੇਸ਼ ਯੋਗਦਾਨ ਲਈ ਹਾਰਦਿਕ ਧੰਨਵਾਦ ਕੀਤਾ ਗਿਆ।ਇਸ ਵਿਚਾਰ ਚਰਚਾ ਵਿੱਚ ਹਰਜਤਿੰਦਰ ਸਿੰਘ ਪਵਾਤ, ਗੁਰਦੀਪ ਸਿੰਘ ਘਰਖਣਾ, ਪਰਮਜੀਤ ਸਿੰਘ ਖੜਕ, ਸਤਨਾਮ ਸਿੰਘ ਸਾਗੀ ਅਤੇ ਰਾਮਕਿਸ਼ਨ ਸਿੰਘ ਘਰਖਣਾ ਨੇ ਵੀ ਆਪਣਾ ਪ੍ਰਤੀਕਰਮ ਪੇਸ਼ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬੰਸ ਸਿੰਘ ਮਾਣਕੀ ਮੈਂਬਰ ਸ਼੍ਰੋਮਣੀ ਕਮੇਟੀ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਹਰਜਿੰਦਰਪਾਲ ਸਿੰਘ, ਭਾਈ ਜਸਪਾਲ ਸਿੰਘ ਬੇਦੀ, ਸੁਰਿੰਦਰਪਾਲ ਸਿੰਘ ਢਿੱਲੋਂ, ਬਲਜੀਤ ਸਿੰਘ ਰਿਐਤ, ਗੁਰਜੀਤ ਸਿੰਘ ਪਾਲਮਾਜ਼ਰਾ, ਮੁਖਤਿਆਰ ਸਿੰਘ ਘੁੰਗਰਾਲੀ ਸਿੱਖਾਂ, ਮਲਕੀਤ ਸਿੰਘ ਕਕਰਾਲਾ, ਹਰਪ੍ਰੀਤ ਸਿੰਘ ਖਾਲਸਾ, ਪ੍ਰਗਟ ਸਿੰਘ ਢੰਡੇ, ਬੰਤ ਸਿੰਘ ਖਾਲਸਾ, ਡਾ. ਕੁਲਦੀਪ ਸਿੰਘ, ਮੈਨੇਜਰ ਸਮਸ਼ੇਰ ਸਿੰਘ, ਗੁਰਚਰਨ ਸਿੰਘ ਖੁਰਾਣਾ, ਜਗਰੂਪ ਸਿੰਘ ਸ਼ਾਮਗੜ੍ਹ, ਭਾਈ ਕੁਲਵੀਰ ਸਿੰਘ ਕਾਹਨਪੁਰੀ, ਗੁਰਚਰਨ ਸਿੰਘ, ਭਾਈ ਹਿੰਮਤ ਸਿੰਘ ਆਦਿ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media